ਲੰਡਨ ਦੇ ਹਸਪਤਾਲ ''ਚ ਕੰਮ ਕਰਨ ਵਾਲੀ ਮਹਿਲਾ ਡਾਕਟਰ ਨੇ ਦਿੱਲੀ ਸਥਿਤ ਘਰ ''ਚ ਕੀਤੀ ਖ਼ੁਦਕੁਸ਼ੀ

Monday, Jan 31, 2022 - 05:17 PM (IST)

ਨਵੀਂ ਦਿੱਲੀ (ਭਾਸ਼ਾ)- ਲੰਡਨ ਦੇ ਇਕ ਹਸਪਤਾਲ 'ਚ ਕੰਮ ਕਰਨ ਵਾਲੀ 40 ਸਾਲਾ ਇਕ ਮਹਿਲਾ ਡਾਕਟਰ ਨੇ ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਸਥਿਤ ਆਪਣੇ ਘਰ 'ਚ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਮ੍ਰਿਤਕ ਡਾਕਟਰ ਦੀ ਪਛਾਣ ਮੇਘਾ ਕਾਇਲ ਦੇ ਰੂਪ 'ਚ ਹੋਈ ਹੈ। ਆਪਣੀ 79 ਸਾਲਾ ਮਾਂ ਦੀ ਮੌਤ ਬਾਅਦ ਤੋਂ ਹੀ ਮੇਘਾ ਪਰੇਸ਼ਾਨ ਸੀ। ਪੁਲਸ ਨੇ ਕਿਹਾ ਕਿ ਮੌਕੇ ਤੋਂ ਸੁਸਾਈਡ ਨੋਟ ਵੀ ਮਿਲਿਆ ਹੈ। ਪੁਲਸ ਨੇ ਕਿਹਾ ਕਿ ਡਾਕਟਰ ਦੇ ਪੱਟ 'ਤੇ ਸੱਟਾਂ ਦੇ ਨਿਸ਼ਾਨ ਮਿਲੇ। ਮੇਘਾ ਕਾਇਲ ਪਿਛਲੇ ਇਕ ਸਾਲ ਤੋਂ ਲੰਡਨ ਦੇ ਮਿਲਟਨ ਕੀਨਸ ਯੂਨੀਵਰਸਿਟੀ ਹਸਪਤਾਲ 'ਚ ਨਿਊਰੋਲਾਜਿਸਟ ਦੇ ਤੌਰ 'ਤੇ ਕੰਮ ਕਰ ਰਹੀ ਸੀ। ਇਸ ਤੋਂ ਪਹਿਲਾਂ ਉਹ ਦਿੱਲੀ ਦੇ ਸਰਿਤਾ ਵਿਹਾਰ ਇਲਾਕੇ 'ਚ ਸਥਿਤ ਅਪੋਲੋ ਹਸਪਤਾਲ 'ਚ ਕੰਮ ਕਰਦੀ ਸੀ। 

ਇਹ ਵੀ ਪੜ੍ਹੋ : ਚੋਣਾਂ ਤਾਂ ਚੱਲਦੀਆਂ ਰਹਿਣਗੀਆਂ, ਬਜਟ ਸੈਸ਼ਨ ਨੂੰ ਫਲਦਾਇਕ ਬਣਾਉਣ ਸੰਸਦ ਮੈਂਬਰ : PM ਮੋਦੀ

ਦੱਖਣੀ ਦਿੱਲੀ ਦੀ ਪੁਲਸ ਡਿਪਟੀ ਕਮਿਸ਼ਨਰ ਬੋਨਿਤਾ ਜੈਕਰ ਨੇ ਕਿਹਾ ਕਿ ਐਤਵਾਰ ਨੂੰ ਅਪੋਲੋ ਹਸਪਤਾਲ ਤੋਂ ਖ਼ੁਦਕੁਸ਼ੀ ਨੂੰ ਲੈ ਕੇ ਮੈਡੀਕੋ ਲੀਗਲ ਕੇਸ (ਐੱਮ.ਐੱਲ.ਸੀ.) ਮਿਲਣ ਤੋਂ ਬਾਅਦ ਪੁਲਸ ਦੀ ਇਕ ਟੀਮ ਮ੍ਰਿਤਕ ਦੇ ਘਰ ਪਹੁੰਚੀ। ਪੁਲਸ ਡਿਪਟੀ ਕਮਿਸ਼ਨਰ ਅਨੁਸਾਰ,''ਜਦੋਂ ਵਾਰ-ਵਾਰ ਫੋਨ ਕਰਨ ਤੋਂ ਬਾਅਦ ਵੀ ਉਹ ਬਾਹਰ ਨਹੀਂ ਆਈ ਤਾਂ ਸਵੇਰੇ ਕਰੀਬ 7.40 ਵਜੇ ਕਾਇਲ ਦੀ ਭਰਜਾਈ ਨੇ ਨਕਲੀ ਚਾਬੀ ਨਾਲ ਉਸ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਕਮਰੇ ਦੇ ਅੰਦਰ, ਮੇਘਾ ਬੇਹੋਸ਼ ਪਈ ਸੀ। ਉਸ ਦੇ ਪੱਟ 'ਤੇ ਸੱਟ ਦੇ ਨਿਸ਼ਾਨ ਮਿਲੇ। ਪਰਿਵਾਰ ਦੇ ਮੈਂਬਰਾਂ ਨੇ ਤੁਰੰਤ ਉਸ ਨੂੰ ਅਪੋਲੋ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।'' ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News