ਕੋਰੋਨਾ ਦੇ ਡਰੋਂ 6 ਕਬਰਸਤਾਨਾਂ ਨੇ ਭੇਜਿਆ ਵਾਪਸ, ਹਿੰਦੂਆਂ ਨੇ ਦਿੱਤੀ 2 ਗਜ਼ ਜ਼ਮੀਨ
Thursday, May 28, 2020 - 09:35 PM (IST)
ਹੈਦਰਾਬਾਦ, (ਅਨਸ)— ਤੇਲੰਗਾਨਾ ਦੇ ਹੈਦਰਾਬਾਦ 'ਚ ਹਾਰਟ ਅਟੈਕ ਨਾਲ ਮਰੇ ਇਕ ਮੁਸਲਮਾਨ ਵਿਅਕਤੀ ਨੂੰ ਕਿਸੇ ਕਰਬਰਸਤਾਨ 'ਚ ਜਗ੍ਹਾ ਨਹੀਂ ਮਿਲੀ। ਘਰ ਵਾਲੇ ਲਾਸ਼ ਨੂੰ ਲੈ ਕੇ 6 ਕਬਰਸਤਾਨਾਂ 'ਚ ਗਏ ਪਰ ਕੋਰੋਨਾ ਵਾਇਰਸ ਦੇ ਡਰ ਤੋਂ ਹਰ ਕਬਰਸਤਾਨ ਤੋਂ ਉਨ੍ਹਾਂ ਨੂੰ ਲਾਸ਼ ਦੇ ਨਾਲ ਵਾਪਸ ਭੇਜ ਦਿੱਤਾ ਗਿਆ। ਆਖਿਰਕਾਰ 2 ਹਿੰਦੂਆਂ ਸੰਦੀਪ ਅਤੇ ਸ਼ੇਖਰ ਨੇ ਆਪਣੀ ਜ਼ਮੀਨ ਦਿੱਤੀ, ਜਿਸ 'ਚ ਇਸ ਮੁਸਲਮਾਨ ਸ਼ਖਸ ਨੂੰ ਦਫਨਾਇਆ ਗਿਆ।
ਮੁਹੰਮਦ ਖਾਜਾ ਮਿਆਂ (55) ਰੰਗਰੇਡੀ ਜ਼ਿਲ੍ਹੇ ਦੇ ਗੰਡਮਗੁਡਾ ਇਲਾਕੇ 'ਚ 10 ਸਾਲ ਪਹਿਲਾਂ ਰਹਿਣ ਆਏ ਸਨ। ਉਨ੍ਹਾਂ ਨੂੰ ਹਾਰਟ ਅਟੈਕ ਹੋਇਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਖਾਜਾ ਮਿਆਂ ਦੀ ਲਾਸ਼ ਨੂੰ ਲੈ ਕੇ ਉਹ ਲੋਕ ਕਬਰਸਤਾਨ ਪਹੁੰਚੇ ਪਰ ਉਥੋਂ ਉਨ੍ਹਾਂ ਨੂੰ ਭਜਾ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕਿਉਂਕਿ ਪੱਕੇ ਤੌਰ 'ਤੇ ਉਹ ਇਥੋਂ ਦੇ ਰਹਿਣ ਵਾਲੇ ਨਹੀਂ ਹਨ, ਇਸ ਲਈ ਉਨ੍ਹਾਂ ਦੇ ਸਮਰਥਨ 'ਚ ਕੋਈ ਨਹੀਂ ਆਇਆ। ਖਾਜਾ ਦੇ ਲੜਕੇ ਬਾਸ਼ਾ ਨੇ ਕਿਹਾ ਕਿ ਅਸੀਂ ਉਮੀਦ ਛੱਡ ਦਿੱਤੀ ਸੀ ਕਿ ਸ਼ਾਇਦ ਹੁਣ ਆਪਣੇ ਪਿਤਾ ਦੀ ਲਾਸ਼ ਨੂੰ ਦਫਨਾ ਨਹੀਂ ਸਕਣਗੇ। ਉਸੇ ਸਮੇਂ ਸੰਦੀਪ ਅਤੇ ਸ਼ੇਖਰ ਨਾਮ ਦੇ ਦੋ ਹਿੰਦੂਆਂ ਨੇ ਉਨ੍ਹਾਂ ਨੂੰ ਖਾਜਾ ਦੀ ਲਾਸ਼ ਨੂੰ ਦਫਨਾਉਣ ਲਈ ਜ਼ਮੀਨ ਦਿੱਤੀ। ਮਾਮਲਾ ਤੇਲੰਗਾਨਾ ਸਟੇਟ ਵਕਫ ਬੋਰਡ ਦੇ ਪ੍ਰਧਾਨ ਮੁਹੰਮਦ ਸਲੀਮ ਤਕ ਜਾ ਪਹੁੰਚਿਆ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਨੇ ਖਾਜਾ ਦੀ ਲਾਸ਼ ਨੂੰ ਕਬਰਸਤਾਨ 'ਚ ਦਫਨਾਉਣ ਨਹੀਂ ਦਿੱਤਾ।