FDA ਦਾ ਹੁਕਮ ਭੋਜਨ ਸੁਰੱਖਿਆ ਨੂੰ ਕੰਟਰੋਲ ਕਰਦਾ ਹੈ, ਤਿਉਹਾਰਾਂ ਨੂੰ ਨਹੀਂ: ਤੁਕਾਰਾਮ ਮੁੰਡੇ

Sunday, Sep 06, 2026 - 07:16 PM (IST)

FDA ਦਾ ਹੁਕਮ ਭੋਜਨ ਸੁਰੱਖਿਆ ਨੂੰ ਕੰਟਰੋਲ ਕਰਦਾ ਹੈ, ਤਿਉਹਾਰਾਂ ਨੂੰ ਨਹੀਂ: ਤੁਕਾਰਾਮ ਮੁੰਡੇ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਖੁਰਾਕ ਅਤੇ ਡਰੱਗ ਪ੍ਰਸ਼ਾਸਨ (FDA) ਦੇ ਹਾਲੀਆ ਭੋਜਨ ਸੁਰੱਖਿਆ ਨਿਰਦੇਸ਼ਾਂ ਦਾ ਉਦੇਸ਼ ਭੋਜਨ ਪਦਾਰਥਾਂ ਵਿੱਚ ਮਿਲਾਵਟ ਦੀ ਨਿਗਰਾਨੀ ਕਰਨਾ ਤੇ ਉਸਨੂੰ ਰੋਕਣਾ ਹੈ, ਨਾ ਕਿ ਤਿਉਹਾਰਾਂ 'ਤੇ ਕਿਸੇ ਕਿਸਮ ਦੀ ਪਾਬੰਦੀ ਲਗਾਉਣਾ। ਇਹ ਗੱਲ ਐੱਫ.ਡੀ.ਏ. ਦੇ ਕਮਿਸ਼ਨਰ ਤੁਕਾਰਾਮ ਮੁੰਡੇ ਨੇ ਨਾਲ ਗੱਲਬਾਤ ਕਰਦਿਆਂ ਕਹੀ।

ਮੁੰਡੇ ਨੇ ਸਪੱਸ਼ਟ ਕਰਦਿਆਂ ਕਿਹਾ, "ਅਸੀਂ ਤਿਉਹਾਰਾਂ ਨੂੰ ਕੰਟਰੋਲ ਨਹੀਂ ਕਰ ਰਹੇ ਹਾਂ। ਸਾਡਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਤਿਉਹਾਰਾਂ ਦੌਰਾਨ ਪਰੋਸਿਆ ਜਾਣ ਵਾਲਾ ਖਾਣਾ ਸੁਰੱਖਿਅਤ ਹੋਵੇ ਅਤੇ ਸਾਲ 2011 ਤੋਂ ਲਾਗੂ ਕਾਨੂੰਨ ਦੇ ਅਨੁਕੂਲ ਹੋਵੇ। ਇਹੋ ਨਿਯਮ ਵਿਆਹ ਸਮਾਗਮਾਂ, ਭੰਡਾਰਾ, ਈਦ, ਕ੍ਰਿਸਮਸ, ਨਵੇਂ ਸਾਲ ਦੀ ਪੂਰਵ ਸੰਧਿਆ ਅਤੇ ਹੋਰ ਸਮਾਗਮਾਂ 'ਤੇ ਵੀ ਲਾਗੂ ਹੁੰਦਾ ਹੈ।" ਖੁਰਾਕੀ ਪਦਾਰਥਾਂ ਵਿੱਚ ਮਿਲਾਵਟ ਖ਼ਿਲਾਫ਼ ਕਈ ਮਹੀਨਿਆਂ ਤੋਂ ਚੱਲ ਰਹੀ ਸਖ਼ਤ ਕਾਰਵਾਈ ਤੋਂ ਬਾਅਦ, ਐੱਫ.ਡੀ.ਏ. ਨੇ ਹਾਲ ਹੀ ਵਿੱਚ ਸਾਲ ਭਰ ਲਈ ਇੱਕ 'ਤਿਉਹਾਰ ਲਾਗੂਕਰਨ ਕੈਲੰਡਰ' ਸ਼ੁਰੂ ਕੀਤਾ ਹੈ। ਇਸ ਦਾ ਉਦੇਸ਼ ਤਿਉਹਾਰਾਂ ਦੇ ਦੌਰਾਨ ਭੋਜਨ ਪਦਾਰਥਾਂ ਵਿੱਚ ਮਿਲਾਵਟ 'ਤੇ ਯੋਜਨਾਬੱਧ ਤਰੀਕੇ ਨਾਲ ਨਜ਼ਰ ਰੱਖਣਾ ਹੈ।

ਕਮਿਸ਼ਨਰ ਨੇ ਅੱਗੇ ਕਿਹਾ ਕਿ ਤਿਉਹਾਰਾਂ ਅਤੇ ਵੱਡੇ ਜਨਤਕ ਸਮਾਗਮਾਂ ਦੌਰਾਨ ਭੋਜਨ ਸੁਰੱਖਿਆ ਨਿਯਮਾਂ ਨੂੰ ਲੈ ਕੇ ਜਾਰੀ ਸਥਾਈ ਹੁਕਮਾਂ ਬਾਰੇ ਕੁਝ ਗਲਤਫ਼ਹਿਮੀਆਂ ਅਤੇ ਖਦਸ਼ੇ ਦੇਖੇ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਭੋਜਨ ਸੁਰੱਖਿਆ ਨਾਲ ਜੁੜਿਆ ਕਾਨੂੰਨੀ ਢਾਂਚਾ, ਜਿਸ ਵਿੱਚ ਫੂਡ ਬਿਜ਼ਨਸ ਆਪਰੇਟਰਾਂ (FBO) ਦੀ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਸ਼ਾਮਲ ਹਨ, ਸਾਲ 2011 ਤੋਂ ਹੀ ਲਾਗੂ ਹੈ ਅਤੇ ਕਈ ਸਾਲਾਂ ਤੋਂ ਇਸਦਾ ਪਾਲਣ ਕੀਤਾ ਜਾ ਰਿਹਾ ਹੈ। ਇਸ ਮੌਜੂਦਾ ਹੁਕਮ ਰਾਹੀਂ ਨਾ ਤਾਂ ਕੋਈ ਨਵਾਂ ਕਾਨੂੰਨ ਬਣਾਇਆ ਗਿਆ ਹੈ, ਨਾ ਹੀ ਕੋਈ ਨਵੀਂ ਲਾਇਸੈਂਸ ਪ੍ਰਣਾਲੀ ਲਾਗੂ ਕੀਤੀ ਗਈ ਹੈ ਅਤੇ ਨਾ ਹੀ ਤਿਉਹਾਰਾਂ 'ਤੇ ਕੋਈ ਨਵੀਂ ਪਾਬੰਦੀ ਲਗਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਤਿਉਹਾਰਾਂ ਨਾਲ ਸਬੰਧਤ ਭੋਜਨ ਸੁਰੱਖਿਆ ਦਿਸ਼ਾ-ਨਿਰਦੇਸ਼ ਵੱਖ-ਵੱਖ ਤਿਉਹਾਰਾਂ ਦੇ ਨੇੜੇ ਆਉਣ 'ਤੇ ਜਾਰੀ ਕੀਤੇ ਜਾਂਦੇ ਸਨ। ਪਰ ਹੁਣ ਨਵੇਂ ਹੁਕਮ ਤਹਿਤ ਪੂਰੇ ਸਾਲ ਲਈ ਇੱਕ ਸਥਾਈ ਪ੍ਰਣਾਲੀ ਬਣਾਈ ਗਈ ਹੈ, ਜਿਸ ਵਿੱਚ ਸਾਰੇ ਭਾਈਚਾਰਿਆਂ ਅਤੇ ਧਰਮਾਂ ਦੇ ਤਿਉਹਾਰਾਂ ਅਤੇ ਵੱਡੇ ਸਮਾਗਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦਾ ਮੁੱਖ ਮਕਸਦ ਅਧਿਕਾਰੀਆਂ, ਭੋਜਨ ਵਿਕਰੇਤਾਵਾਂ, ਕੈਟਰਰਾਂ, ਫੂਡ ਬਿਜ਼ਨਸ ਆਪਰੇਟਰਾਂ ਅਤੇ ਪ੍ਰਬੰਧਕਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਸਪੱਸ਼ਟ ਕਰਨਾ ਹੈ। ਮੁੰਡੇ ਨੇ ਵਿਸ਼ੇਸ਼ ਤੌਰ 'ਤੇ ਭਰੋਸਾ ਦਿੱਤਾ ਕਿ ਇਹ ਹੁਕਮ ਭੰਡਾਰਾ, ਪ੍ਰਸਾਦ ਜਾਂ ਜਨਤਕ ਤੌਰ 'ਤੇ ਭੋਜਨ ਵੰਡਣ, ਗਣਪਤੀ ਉਤਸਵ ਜਾਂ ਹੋਰ ਧਾਰਮਿਕ ਤਿਉਹਾਰਾਂ 'ਤੇ ਕੋਈ ਰੋਕ ਨਹੀਂ ਲਗਾਉਂਦਾ ਅਤੇ ਨਾ ਹੀ ਇਹ ਧਾਰਮਿਕ ਰੀਤੀ-ਰਿਵਾਜਾਂ ਜਾਂ ਪਰੰਪਰਾਵਾਂ ਵਿੱਚ ਕਿਸੇ ਕਿਸਮ ਦੀ ਦਖਲਅੰਦਾਜ਼ੀ ਕਰਦਾ ਹੈ।
 


author

Shubam Kumar

Content Editor

Related News