9 ਮਹੀਨੇ ਤੱਕ ਆਪਣੀ ਹੀ ਬੇਟੀ ਨੂੰ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ
Friday, Sep 29, 2017 - 06:00 PM (IST)
ਪਲਵਲ— ਹਰਿਆਣਾ ਦੇ ਪਲਵਲ ਜ਼ਿਲੇ 'ਚ ਇਕ ਦਰਿੰਦਾ ਪਿਤਾ ਆਪਣੀ ਹੀ ਨਾਬਾਲਗ ਬੇਟੀ ਨੂੰ ਪਿਛਲੇ 9 ਮਹੀਨਿਆਂ ਤੋਂ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਇਸ ਸੰਬੰਧ 'ਚ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸ਼ਰਮਨਾਕ ਵਾਰਦਾਤ ਪਲਵਲ ਦੇ ਹਸਨਪੁਰ ਥਾਣਾ ਖੇਤਰ ਦੀ ਹੈ। ਦਰਅਸਲ ਇਕ 17 ਸਾਲਾ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦਾ ਪਿਤਾ ਗਾਂਜੇ ਦਾ ਨਸ਼ਾ ਕਰਦਾ ਹੈ ਅਤੇ ਉਹ ਪਿਛਲੇ 9 ਮਹੀਨਿਆਂ ਤੋਂ ਉਸ ਦਾ ਯੌਨ ਸ਼ੋਸ਼ਣ ਕਰ ਰਿਹਾ ਹੈ। ਉਸ ਦੇ ਪਿਤਾ ਦੀ ਉਮਰ 42 ਸਾਲ ਹੈ।
ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਸ ਦੇ ਨਸ਼ੇੜੀ ਪਿਤਾ ਨੇ ਇਸੇ ਸਾਲ ਜਨਵਰੀ ਮਹੀਨੇ 'ਚ ਉਸ ਦੀ ਮਾਂ ਨੂੰ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ ਸੀ ਅਤੇ ਫਿਰ ਉਸ ਨੂੰ ਘਰੋਂ ਕੱਢ ਦਿੱਤਾ। ਉਦੋਂ ਤੋਂ ਉਹ ਉਸ ਨਾਲ ਬਲਾਤਕਾਰ ਕਰ ਰਿਹਾ ਸੀ। ਪਿਤਾ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਪੀੜਤ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਮਹਿਲਾ ਥਾਣਾ ਇੰਚਾਰਜ ਕਮਲਾ ਦੇਵੀ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀ ਨੂੰ ਵੀਰਵਾਰ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ ਗਿਆ। ਹੁਣ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
