2 ਮਹੀਨੇ ਦੀ ਧੀ ਨੂੰ ਪਿਓ ਦਾ ਤੋਹਫ਼ਾ, ਚੰਨ ''ਤੇ ਖ਼ਰੀਦੀ 1 ਏਕੜ ਜ਼ਮੀਨ
Friday, Mar 26, 2021 - 01:31 PM (IST)
ਸੂਰਤ- ਇਕ ਪਿਤਾ ਵਲੋਂ ਆਪਣੀ 2 ਮਹੀਨੇ ਦੀ ਧੀ ਨੂੰ ਬਹੁਤ ਹੀ ਅਨਮੋਲ ਤੋਹਫ਼ਾ ਦਿੱਤਾ ਗਿਆ ਹੈ। ਇਸ ਪਿਤਾ ਨੇ ਆਪਣੀ ਧੀ ਲਈ ਚੰਨ 'ਤੇ ਜ਼ਮੀਨ ਖਰੀਦੀ ਹੈ। ਸੂਰਤ ਦੇ ਰਹਿਣ ਵਾਲੇ ਵਿਜ ਕਥੇਰੀਆ ਇਕ ਬਿਜ਼ਨੈੱਸਮੈਨ ਹਨ। 2 ਮਹੀਨੇ ਪਹਿਲਾਂ ਵਿਜੇ ਦੇ ਘਰ ਲਕਸ਼ਮੀ ਦੇ ਰੂਪ 'ਚ ਇਕ ਧੀ ਨੇ ਜਨਮ ਲਿਆ ਸੀ। ਵਿਜੇ ਆਪਣੀ ਧੀ ਨੂੰ ਦੁਨੀਆ ਦਾ ਸਭ ਤੋਂ ਅਨਮੋਲ ਤੋਹਫ਼ਾ ਦੇਣਾ ਚਾਹੁੰਦਾ ਸੀ। ਕਾਫ਼ੀ ਸੋਚਣ ਤੋਂ ਬਾਅਦ ਉਸ ਨੇ ਆਪਣੀ ਧੀ ਨਿਤਿਆ ਨੂੰ ਤੋਹਫ਼ੇ ਦੇ ਰੂਪ 'ਚ ਚੰਨ 'ਤੇ ਇਕ ਏਕੜ ਜ਼ਮੀਨ ਖਰੀਦ ਦਿੱਤੀ।
ਵਪਾਰੀ ਨੇ ਇਸ ਤਰ੍ਹਾਂ ਖਰੀਦੀ ਜ਼ਮੀਨ
ਚੰਨ 'ਤੇ ਜ਼ਮੀਨ ਖਰੀਦ ਲਈ ਵਿਜੇ ਨੇ ਨਿਊਯਾਰਕ ਇੰਟਰਨੈਸ਼ਨਲ ਲੂਨਾਰ ਲੈਂਡ ਰਜਿਸਟਰੀ ਕੰਪਨੀ ਨੂੰ ਈਮੇਲ ਭੇਜਿਆ ਸੀ। ਉਨ੍ਹਾਂ ਦੀ ਅਪੀਲ ਨੂੰ ਕੰਪਨੀ ਨੇ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਕੰਪਨੀ ਨੇ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕੀਤੀਆਂ ਅਤੇ ਵਿਜੇ ਕਥੇਰੀਆ ਨੂੰ ਜ਼ਮੀਨ ਖਰੀਦਣ ਦੀ ਮਨਜ਼ੂਰੀ ਮਿਲਣ ਦਾ ਈਮੇਲ ਕੀਤਾ। ਵਿਜੇ ਕਥੇਰੀਆ ਚੰਨ 'ਤੇ ਜ਼ਮੀਨ ਖਰੀਦਣ ਵਾਲੇ ਪਹਿਲੇ ਵਪਾਰੀ ਹਨ ਅਤੇ ਉਨ੍ਹਾਂ ਦੀ ਬੱਚੀ ਚੰਨ 'ਤੇ ਜ਼ਮੀਨ ਪਾਉਣ ਦੇ ਮਾਮਲੇ 'ਚ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਸ਼ਖਸ ਬਣ ਗਈ ਹੈ, ਜੋ ਖ਼ੁਦ ਇਕ ਰਿਕਾਰਡ ਹੈ।
ਬੱਚੀ ਨੂੰ ਮਿਲ ਸਕਦੈ ਵਿਸ਼ਵ ਰਿਕਾਰਡ ਦਾ ਵੀ ਤੋਹਫ਼ਾ
ਕੱਚ ਦਾ ਵਪਾਰ ਕਰਨ ਵਾਲੇ ਵਿਜੇ ਦਾ ਕਹਿਣਾ ਹੈ ਕਿ ਚੰਨ ਤਾਰੇ ਤੋੜ ਕੇ ਲਿਆਉਣ ਦੀਆਂ ਕਹਾਵਤਾਂ ਪੂਰੀਆਂ ਕਰਨ ਲਈ ਮੈਨੂੰ ਇਹ ਆਈਡੀਆ ਸਭ ਤੋਂ ਚੰਗਾ ਲੱਗਾ। ਭਾਵੇਂ ਹੀ ਮੇਰੀ ਧੀ ਲਈ ਚੰਨ ਤਾਰੇ ਤੋੜ ਕੇ ਕੋਈ ਨਾ ਲਿਆਏ ਪਰ ਚੰਨ 'ਤੇ ਉਸ ਦਾ ਘਰ ਤਾਂ ਹੋ ਹੀ ਸਕਦਾ ਹੈ। ਹਾਲਾਂਕਿ ਕੰਪਨੀ ਵਲੋਂ ਹਾਲੇ ਕੋਈ ਅਧਿਕਾਰਤ ਦਾਅਵਾ ਨਹੀਂ ਕੀਤਾ ਗਿਆ ਹੈ ਪਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਨਿਤਿਆ ਨੂੰ ਚੰਨ 'ਤੇ ਜ਼ਮੀਨ ਦੀ ਮਾਲਕਣ ਬਣਨ ਦੇ ਨਾਲ-ਨਾਲ ਇਕ ਵਿਸ਼ਵ ਰਿਕਾਰਡ ਦਾ ਵੀ ਤੋਹਫ਼ਾ ਮਿਲ ਜਾਵੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ