ਮਾਨਸਿਕ ਰੂਪ ਨਾਲ ਅਸਵਸਥ ਧੀ ਨਾਲ ਜਬਰ ਜ਼ਿਨਾਹ ਦੇ ਦੋਸ਼ ''ਚ ਪਿਤਾ-ਪੁੱਤਰ ਨੂੰ 10 ਸਾਲ ਦੀ ਸਜ਼ਾ
Tuesday, May 03, 2022 - 12:28 PM (IST)
ਠਾਣੇ (ਭਾਸ਼ਾ)- ਮਹਾਰਾਸ਼ਟਰ 'ਚ ਠਾਣੇ ਜ਼ਿਲ੍ਹੇ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ ਮਾਨਸਿਕ ਰੂਪ ਨਾਲ ਅਸਵਸਥ ਨਾਬਾਲਗ ਧੀ ਨਾਲ ਕਈ ਵਾਰ ਜਬਰ ਜ਼ਿਨਾਹ ਕਰਨ ਦੇ ਜੁਰਮ 'ਚ ਇਕ ਵਿਅਕਤੀ ਅਤੇ ਉਸ ਦੇ ਪੁੱਤਰ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਪੋਕਸੋ (ਬਾਲ ਯੌਨ ਅਪਰਾਧ ਸੁਰੱਖਿਆ) ਅਦਾਲਤ ਦੀ ਜੱਜ ਕਵਿਤਾ ਡੀ. ਸ਼ਿਰਭਾਟੇ ਨੇ ਇਸ ਮਾਮਲੇ 'ਚ ਸੋਮਵਾਰ ਨੂੰ ਫ਼ੈਸਲਾ ਸੁਣਾਇਆ ਅਤੇ ਦੋਹਾਂ ਨੂੰ ਆਈ.ਪੀ.ਸੀ. ਅਤੇ ਪੋਕਸੋ ਐਕਟ ਦੇ ਅਧੀਨ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ 'ਤੇ 5-5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ।
ਵਿਸ਼ੇਸ਼ ਲੋਕ ਇਸਤਗਾਸਾ ਸੰਜੇ ਮੋਰੇ ਨੇ ਅਦਾਲਤ ਨੂੰ ਦੱਸਿਆ ਕਿ 52 ਸਾਲਾ ਦੇ ਵਿਅਕਤੀ ਅਤੇ ਉਸ ਦੇ 25 ਸਾਲ ਦੇ ਪੁੱਤਰ ਨੇ 2017 ਦੇ ਬਾਅਦ ਤੋਂ ਕਈ ਵਾਰ ਭਿਵੰਡੀ ਸਥਿਤ ਆਪਣੇ ਘਰ ਕੁੜੀ ਨਾਲ ਜਬਰ ਜ਼ਿਨਾਹ ਕੀਤਾ, ਉਸ ਸਮੇਂ ਕੁੜੀ ਦੀ ਉਮਰ 15 ਸਾਲ ਸੀ। ਉਨ੍ਹਾਂ ਦੱਸਿਆ ਕਿ ਕੁੜੀ ਬਾਅਦ 'ਚ ਗਰਭਵਤੀ ਹੋ ਗਈ ਅਤੇ ਉਸ ਨੇ ਗੁਆਂਢੀਆਂ ਨੂੰ ਇਹ ਗੱਲ ਦੱਸੀ, ਜਿਨ੍ਹਾਂ ਨੇ ਕੋਨਗਾਂਵ ਪੁਲਸ ਥਾਣੇ 'ਚ ਮਾਮਲਾ ਦਰਜ ਕਰਵਾਉਣ 'ਚ ਉਸ ਦੀ ਮਦਦ ਕੀਤੀ। ਇਸ ਤੋਂ ਬਾਅਦ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜੱਜ ਨੇ ਆਪਣੇ ਆਦੇਸ਼ 'ਚ ਕਿਹਾ ਕਿ ਇਸਤਗਾਸਾ ਪੱਖ ਨੇ ਦੋਹਾਂ ਦੋਸ਼ੀਆਂ ਖ਼ਿਲਾਫ਼ ਸਾਰੇ ਦੋਸ਼ਾਂ ਨੂੰ ਸਫ਼ਲਤਾਪੂਰਵਕ ਸਾਬਿਤ ਕਰ ਦਿੱਤਾ ਹੈ ਅਤੇ ਦੋਹਾਂ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਦਿੱਤੇ ਜਾਣ ਦੀ ਜ਼ਰੂਰਤ ਹੈ।