ਪਿਤਾ ਦਾ ਗਲਾ ਵੱਢ ਡੂੰਘੇ ਜ਼ਖਮ ਨੂੰ ਫੈਵੀਕਵਿਕ ਨਾਲ ਜੋੜਨ ਦੀ ਕੋਸ਼ਿਸ਼

Sunday, Feb 25, 2018 - 03:36 PM (IST)

ਬਸਤੀ— ਯੂ.ਪੀ. ਦੇ ਬਸਤੀ 'ਚ ਐਤਵਾਰ ਨੂੰ ਇਕ ਕਲਯੁੱਗੀ ਬੇਟੇ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਸ ਬੇਟੇ ਨੇ ਆਪਣੇ ਬਜ਼ੁਰਗ ਪਿਤਾ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਦਿੱਤਾ ਅਤੇ ਫਿਰ ਉਸ ਨੂੰ ਫੈਵੀਕਵਿਕ ਨਾਲ ਜੋੜਨ ਦੀ ਕੋਸ਼ਿਸ਼ ਕਰਨ ਲੱਗਾ। ਉੱਥੇ ਹੀ ਪਿਤਾ ਦੀਆਂ ਚੀਕਾਂ ਘਰ ਦੇ ਬਾਹਰ ਨਾ ਜਾਣ, ਇਸ ਲਈ ਉਸ ਨੇ ਟੀ.ਵੀ. ਦੀ ਆਵਾਜ਼ ਤੇਜ਼ ਕਰ ਦਿੱਤੀ। ਜਦੋਂ ਉਸ ਨੇ ਮਾਮਲਾ ਵਿਗੜਦਾ ਦੇਖਿਆ ਤਾਂ ਪਿਤਾ ਨੂੰ ਘਰ 'ਚ ਬੰਦ ਕਰ ਕੇ ਮੌਕੇ 'ਤੇ ਫਰਾਰ ਹੋ ਗਿਆ। ਜ਼ਖਮੀ ਪਿਤਾ ਨੂੰ ਇਲਾਜ ਲਈ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਘਟਨਾ ਸੋਨਹਾ ਇਲਾਕੇ ਦੇ ਦਰਿਆਪੁਰ ਜੰਗਲ ਟੋਲਾ ਦੇ ਭੈਸਹੀਆ ਦੀ ਹੈ। ਇੱਥੇ ਰਹਿਣ ਵਾਲੇ 70 ਸਾਲਾ ਰਾਮਦੇਵ ਮਿਸ਼ਰ ਰੇਲਵੇ ਦੇ ਰਿਟਾਇਰਡ ਕਰਮਚਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਰਾਮਦੇਵ ਮਿਸ਼ਰ ਆਪਣੇ ਬੇਟੇ ਜਗਦੀਸ਼ ਮਿਸ਼ਰ ਦੇ ਪਰਿਵਾਰ ਨਾਲ ਰਹਿੰਦੇ ਹਨ। ਸ਼ਨੀਵਾਰ ਨੂੰ ਬਜ਼ੁਰਗ ਪਿਤਾ ਨੇ ਕਮਰੇ 'ਚ ਟਾਇਲਟ ਕਰ ਦਿੱਤਾ। ਇਸੇ ਤੋਂ ਨਾਰਾਜ਼ ਬੇਟੇ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰ ਦਿੱਤੇ। ਇਸ ਹਮਲੇ 'ਚ ਰਾਮਦੇਵ ਮਿਸ਼ਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਜਦੋਂ ਰਾਮਦੇਵ ਮਿਸ਼ਰ ਦੇ ਚੀਕਣ ਦੀ ਆਵਾਜ਼ ਗੁਆਂਢੀਆਂ ਨੇ ਸੁਣੀ ਤਾਂ ਪਿੰਡ ਵਾਲਿਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਗੰਭੀਰ ਰੂਪ ਨਾਲ ਜ਼ਖਮੀ ਰਾਮਦੇਵ ਮਿਸ਼ਰਾ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ। ਮੌਕੇ 'ਤੇ ਪੁੱਜੇ ਐੱਸ.ਪੀ. ਸੰਕਲਪ ਸ਼ਰਮਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੇਟੇ ਨੇ ਖੂਨ ਨਾਲ ਲੱਥਪੱਥ ਰਾਮਦੇਵ ਦੇ ਗਲੇ ਨੂੰ ਫੈਵੀਕਵਿਕ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਚੀਕਣ ਦੀ ਆਵਾਜ਼ ਸੁਣ ਕੇ ਮੌਕੇ 'ਤੇ ਫਰਾਰ ਹੋ ਗਿਆ। ਉਸ ਨੇ ਆਪਣੇ ਪਿਤਾ ਦੀ ਆਵਾਜ਼ ਨੂੰ ਦਬਾਉਣ ਲਈ ਟੀ.ਵੀ. ਦੀ ਆਵਾਜ਼ ਤੇਜ਼ ਕਰ ਦਿੱਤੀ, ਜਦੋਂ ਉਸ ਨੇ ਮਾਮਲਾ ਵਿਗੜਦਾ ਦੇਖਿਆ ਤਾਂ ਮੌਕੇ 'ਤੇ ਫਰਾਰ ਹੋ ਗਿਆ। ਪੁਲਸ ਨੇ ਦੋਸ਼ੀ ਬੇਟੇ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਸ ਦੋਸ਼ੀ ਦੀ ਤਲਾਸ਼ 'ਚ ਦਬਿਸ਼ ਦੇ ਰਹੀ ਹੈ, ਜੋ ਆਪਣੇ ਪਰਿਵਾਰ ਨਾਲ ਫਰਾਰ ਹੋ ਚੁਕਿਆ ਹੈ।


Related News