ਫਤਿਹਪੁਰ ’ਚ ਸਮਾਧੀ ਸਥਾਨ ’ਤੇ ਪੂਜਾ ਕਰਨ ਦੀ ਕੋਸ਼ਿਸ਼, ਔਰਤਾਂ ਦੀ ਪੁਲਸ ਨਾਲ ਝੜਪ

Thursday, Nov 06, 2025 - 10:30 PM (IST)

ਫਤਿਹਪੁਰ ’ਚ ਸਮਾਧੀ ਸਥਾਨ ’ਤੇ ਪੂਜਾ ਕਰਨ ਦੀ ਕੋਸ਼ਿਸ਼, ਔਰਤਾਂ ਦੀ ਪੁਲਸ ਨਾਲ ਝੜਪ

ਫਤਿਹਪੁਰ (ਯੂ. ਪੀ.), (ਭਾਸ਼ਾ)- ਕੱਤਕ ਦੀ ਪੂਰਨਮਾਸ਼ੀ ਦੇ ਮੌਕੇ ’ਤੇ ਫਤਿਹਪੁਰ ਦੇ ਆਬੂਨਗਰ ਖੇਤਰ ’ਚ ਇਕ ਵਿਵਾਦਿਤ ਮਕਬਰੇ (ਸਮਾਧੀ ਸਥਾਨ) ’ਤੇ ਪੂਜਾ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਬੁੱਧਵਾਰ ਸ਼ਾਮ ਔਰਤਾਂ ਅਤੇ ਪੁਲਸ ਵਿਚਾਲੇ ਝੜਪ ਹੋ ਗਈ। ਪੁਲਸ ਨੇ ਇਸ ਮਾਮਲੇ ’ਚ 20 ਔਰਤਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਅਧਿਕਾਰੀਆਂ ਅਨੁਸਾਰ, ਸਮਾਧੀ ਸਥਾਨ ’ਤੇ ਪੂਜਾ ਕਰਨ ਦੀ ਕੋਸ਼ਿਸ਼ ਦੌਰਾਨ ਕੁਝ ਔਰਤਾਂ ਨੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਰੋਕਿਆ। ਇਸ ਦੌਰਾਨ ਔਰਤਾਂ ਅਤੇ ਥਾਣਾ ਇੰਚਾਰਜ ਤਾਰਕੇਸ਼ਵਰ ਰਾਏ ਵਿਚਾਲੇ ਬਹਿਸ ਹੋ ਗਈ ਤੇ ਉਨ੍ਹਾਂ ਨੇ ਪੁਲਸ ’ਤੇ ਦੁਰਵਿਵਹਾਰ ਕਰਨ ਅਤੇ ਪੂਜਾ ਤੋਂ ਰੋਕਣ ਦਾ ਦੋਸ਼ ਲਾਇਆ। ਬਾਅਦ ’ਚ ਉਨ੍ਹਾਂ ਨੇ ਨੇੜਲੀ ਗਲੀ ’ਚ ਹੀ ਆਰਤੀ ਅਤੇ ਪੂਜਾ ਕੀਤੀ।

ਮਹਿਲਾ ਕਾਂਸਟੇਬਲ ਮੰਜੂ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ’ਚ ਸਥਾਨਕ ਨਿਵਾਸੀ ਪੱਪੂ ਸਿੰਘ ਚੌਹਾਨ ਦੀ ਪਤਨੀ ਸਮੇਤ 20 ਅਣਪਛਾਤੀਆਂ ਔਰਤਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹ ਉਹੀ ਸਥਾਨ ਹੈ ਜਿੱਥੇ 11 ਅਗਸਤ ਨੂੰ ਹਿੰਦੂ ਸੰਗਠਨਾਂ ਨੇ ਦਾਅਵਾ ਕੀਤਾ ਸੀ ਕਿ ਇਹ ਮੂਲ ਰੂਪ ’ਚ ‘ਠਾਕੁਰ ਜੀ’ ਦਾ ਮੰਦਰ ਸੀ ਅਤੇ ਪੂਜਾ ਦੀ ਆਗਿਆ ਮੰਗੀ ਸੀ। ਉਸ ਸਮੇਂ ਹੋਈ ਹਲਚਲ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਸਥਾਨ ਨੂੰ ਸੀਲ ਕਰ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਇਲਾਕੇ ’ਚ ਵਾਧੂ ਸੁਰੱਖਿਆ ਫੋਰਸ ਤਾਇਨਾਤ ਹੈ ਅਤੇ ਸਥਿਤੀ ਇਸ ਵੇਲੇ ਸ਼ਾਂਤੀਪੂਰਨ ਹੈ।


author

Rakesh

Content Editor

Related News