ਤੇਜ਼ੀ ਨਾਲ ਪਾਰਦਰਸ਼ੀ ਫੈਸਲੇ ਲੈਣਾ ਜੰਗ ਦੀ ਤਿਆਰੀ ਲਈ ਜ਼ਰੂਰੀ : ਰਾਜਨਾਥ
Tuesday, Nov 15, 2022 - 11:51 AM (IST)
ਨਵੀਂ ਦਿੱਲੀ (ਭਾਸ਼ਾ)– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਤੇਜ਼ੀ ਨਾਲ ਪਾਰਦਰਸ਼ੀ ਫੈਸਲੇ ਲੈਣਾ ਅਤੇ ਸਰਵਉੱਤਮ ਵਸੀਲੇ ਮੁਹੱਈਆ ਕਰਵਾਉਣਾ ਜੰਗ ਦੀ ਤਿਆਰੀ ਲਈ ਜ਼ਰੂਰੀ ਹੈ। ਰੱਖਿਆ ਲੇਖਾ ਵਿਭਾਗ (ਡੀ. ਡੀ. ਏ.) ਵੱਲੋਂ ਆਯੋਜਿਤ ‘ਕੰਟਰੋਲਰਜ਼ ਕਾਨਫਰੰਸ 2022’ ’ਚ ਉਨ੍ਹਾਂ ਕਿਹਾ ਕਿ ਫੈਸਲੇ ਕਰਨ ’ਚ ਦੇਰੀ ਨਾਲ ਸਮੇਂ ਤੇ ਪੈਸੇ ਦਾ ਨੁਕਸਾਨ ਹੁੰਦਾ ਹੈ ਅਤੇ ਜੰਗ ਦੀ ਤਿਆਰੀ ਪ੍ਰਭਾਵਿਤ ਹੁੰਦੀ ਹੈ। ਦੁਨੀਆ ਭਰ ’ਚ ਵਸੀਲੇ ਸੀਮਿਤ ਹਨ, ਜਿਨ੍ਹਾਂ ਦੀ ਵਰਤੋਂ ਕਰਨ ਲਈ ਆਰਥਿਕ ਖੇਤਰ ਦੀ ਸਮਝ ’ਤੇ ਜ਼ੋਰ ਦੇਣ ਦੀ ਲੋੜ ਹੈ। ਵਸੀਲਿਆਂ ਦੀ ਵਰਤੋਂ ਸਹੀ ਸਥਾਨ ’ਤੇ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਬਰਬਾਦ ਬਿਲਕੁਲ ਨਹੀਂ ਕੀਤਾ ਜਾਣਾ ਚਾਹੀਦਾ।
ਬੈਂਗਲੁਰੂ : ਜ਼ਮੀਨੀ ਫੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਬੀ. ਐੱਸ. ਰਾਜੂ ਨੇ ਕਿਹਾ ਕਿ ਭਾਰਤੀ ਫੌਜ ਸਵਦੇਸ਼ੀ ਆਧੁਨਿਕੀਕਰਨ ਲਈ ਤਿਆਰ ਹੈ ਅਤੇ ਉਸ ਨੇ ਰੱਖਿਆ ਨਿਰਮਾਣ ਵਿਚ ਨਿੱਜੀ ਖੇਤਰ ਦੇ ਮਹੱਤਵ ਦੀ ਨਿਸ਼ਾਨਦੇਹੀ ਕੀਤੀ ਹੈ। ਬੈਂਗਲੁਰੂ ਦੇ ਏ. ਐੱਸ. ਸੀ. ਸੈਂਟਰ ਐਂਡ ਕਾਲਜ ਵਿਚ ‘ਆਰਮੀ ਡਿਜ਼ਾਈਨ ਬਿਊਰੋ’ (ਏ. ਡੀ. ਬੀ.) ਦੇ ਇਕ ਖੇਤਰੀ ਤਕਨੀਕੀ ਨੋਡ (ਆਰ. ਟੀ. ਐੱਨ.-ਬੀ) ਦੇ ਉਦਘਾਟਨ ਦੇ ਸਮਾਰੋਹ ’ਚ ਲੈਫਟੀਨੈਂਟ ਜਨਰਲ ਬੀ. ਐੱਸ. ਰਾਜੂ ਨੇ ਇਹ ਬਿਆਨ ਦਿੱਤਾ।
ਰਾਜੂ ਨੇ ਕਿਹਾ ਕਿ ਅਸੀਂ ਨਿੱਜੀ ਖੇਤਰ ਦੀ ਭਾਈਵਾਲੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਰੱਖਿਆ ਖੋਜ ਅਤੇ ਵਿਕਾਸ ਬਜਟ ਦਾ 25 ਫੀਸਦੀ ਸਥਾਨਕ ਉਦਯੋਗਾਂ ਲਈ ਹੈ। ਰਾਜੂ ਨੇ ਅੱਗੇ ਕਿਹਾ ਕਿ ਅਸੀਂ ਆਪਣੇ ਕੰਮ ਵਿਚ ਪਾਰਦਰਸ਼ਿਤਾ ਰੱਖਾਂਗੇ। ਅਸੀਂ ਤੁਹਾਨੂੰ ਸਮਾਂ-ਹੱਦ ਅੰਦਰ ਉਤਪਾਦ ਮੁਹੱਈਆ ਕਰਵਾਵਾਂਗੇ। ਉਨ੍ਹਾਂ ਇਸ ਖੇਤਰ ਦੇ ਲੋਕਾਂ ਨੂੰ ਕਿਹਾ ਕਿ ਸਾਨੂੰ ਤੁਹਾਨੂੰ ਵਧਣ ਦੇ ਲੋੜੀਂਦੇ ਮੌਕੇ ਦੇਣੇ ਚਾਹੀਦੇ ਹਨ।