ਹੈਦਰਾਬਾਦ ’ਚ ਮਸ਼ਹੂਰ ਫੈਸ਼ਨ ਡਿਜ਼ਾਈਨਰ ਪ੍ਰਤਿਊਸ਼ਾ ਗਰਿਮੇਲਾ ਨੇ ਕੀਤੀ ਖ਼ੁਦਕੁਸ਼ੀ

06/12/2022 5:03:05 PM

ਹੈਦਰਾਬਾਦ- ਮਸ਼ਹੂਰ ਫੈਸ਼ਨ ਡਿਜ਼ਾਈਨਰ ਪ੍ਰਤਿਊਸ਼ਾ ਗਰਿਮੇਲਾ ਨੇ ਡਿਪਰੈਸ਼ਨ ਕਾਰਨ ਇੱਥੋਂ ਦੇ ਬੰਜਾਰਾ ਹਿਲਜ਼ ਸਥਿਤ ਆਪਣੇ ਬੁਟੀਕ ਸਟੂਡੀਓ ’ਚ ਖੁਦਕੁਸ਼ੀ ਕਰ ਲਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਗਰਿਮੇਲਾ (36) ਨੂੰ ਸ਼ਨੀਵਾਰ ਦੁਪਹਿਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਖਾਨੇ 'ਚ ਬੇਹੋਸ਼ੀ ਦੀ ਹਾਲਤ 'ਚ ਵੇਖਿਆ। ਸੁਸਾਈਡ ਨੋਟ ਵਿਚ ਗਰਿਮੇਲਾ ਨੇ ਕਿਹਾ ਹੈ ਕਿ ਉਸ ਦੀ ਹਰਕਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਗਰਿਮੇਲਾ ਨੇ ਲਿਖਿਆ, ‘‘ਉਹ ਇਕੱਲਾਪਣ ਅਤੇ ਤਣਾਅ ਮਹਿਸੂਸ ਕਰਦੀ ਸੀ ਅਤੇ ਉਹ ਹੁਣ ਆਪਣੇ ਮਾਪਿਆਂ 'ਤੇ ਬੋਝ ਨਹੀਂ ਬਣਨਾ ਚਾਹੁੰਦੀ। ਪੁਲਸ ਨੇ ਦੱਸਿਆ ਕਿ ਗਰਿਮੇਲਾ ਕੁਆਰੀ ਸੀ। ਉਹ 'ਪ੍ਰਤਿਯੂਸ਼ਾ ਗਰਿਮੇਲਾ' ਨਾਂ ਦਾ ਆਪਣਾ ਬੁਟੀਕ ਚਲਾਉਂਦੀ ਸੀ। ਗਰਿਮੇਲਾ ਨੇ ਫਿਲਮੀ ਹਸਤੀਆਂ ਲਈ ਫੈਸ਼ਨ ਡਿਜ਼ਾਈਨਰ ਵਜੋਂ ਵੀ ਕੰਮ ਕੀਤਾ।

ਪੁਲਸ ਨੂੰ ਸ਼ੱਕ ਹੈ ਕਿ ਫੈਸ਼ਨ ਡਿਜ਼ਾਈਨਰ ਨੇ ਕੋਈ ਜ਼ਹਿਰੀਲੇ ਕੈਮੀਕਲ ਨੂੰ ਸੁੰਘ ਕੇ ਆਪਣੀ ਜਾਨ ਲੈ ਲਈ। ਕੈਮੀਕਲ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਹ ਕੈਮੀਕਲ ਕਾਰਬਨ ਮੋਨੋਆਕਸਾਈਡ ਹੋਣ ਦਾ ਸ਼ੱਕ ਹੈ। ਗਰਿਮੇਲਾ 10 ਜੂਨ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਦੱਸ ਕੇ ਘਰੋਂ ਨਿਕਲੀ ਸੀ ਕਿ ਉਹ ਆਪਣੇ ਇਕ ਦੋਸਤ ਦੇ ਘਰ ਰਹਿਣ ਜਾ ਰਹੀ ਹੈ ਅਤੇ ਸ਼ਨੀਵਾਰ ਨੂੰ ਵਾਪਸ ਆਵੇਗੀ। ਸ਼ਨੀਵਾਰ ਸਵੇਰੇ ਜਦੋਂ ਗਰਿਮੇਲਾ ਦੇ ਪਿਤਾ ਨੇ ਉਸ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਜਵਾਬ ਨਹੀਂ ਮਿਲਿਆ।

ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਸ਼ਨੀਵਾਰ ਦੁਪਹਿਰ ਨੂੰ ਗਰਿਮੇਲਾ ਦੇ ਪਿਤਾ ਨੂੰ ਬੁਟੀਕ ਦੇ ਚੌਕੀਦਾਰ ਦਾ ਫੋਨ ਆਇਆ, ਜਿਸ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ, ਜਿੱਥੇ ਗਰਿਮੇਲਾ ਮ੍ਰਿਤਕ ਮਿਲੀ। ਤੇਲਗੂ ਫਿਲਮ ਸਟਾਰ ਰਾਮ ਚਰਨ ਦੀ ਪਤਨੀ ਉਪਾਸਨਾ ਕੋਨੀਡੇਲਾ ਨੇ ਇਕ ਟਵੀਟ ’ਚ ਕਿਹਾ, ''ਮੇਰੀ ਸਭ ਤੋਂ ਪਿਆਰੀ ਦੋਸਤ। ਬਹੁਤ ਜਲਦੀ ਚਲੀ ਗਈ। ਇਹ ਬਹੁਤ ਹੀ ਦੁਖਦਾਈ ਖਬਰ ਹੈ। ਉਸ ਕੋਲ ਸਭ ਕੁਝ ਸੀ - ਕਰੀਅਰ, ਦੋਸਤ ਅਤੇ ਪਰਿਵਾਰ, ਫਿਰ ਵੀ ਡਿਪਰੈਸ਼ਨ ਕਾਰਨ ਉਸ ਨੇ ਦਮ ਤੋੜ ਦਿੱਤਾ। ਅਸੀਂ ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ।


Tanu

Content Editor

Related News