ਫਾਰੂਕ ਅਬਦੁੱਲਾ ਨੇ ਜੰਮੂ ਕਸ਼ਮੀਰ ''ਚ ਧਾਰਾ 370 ਵਾਪਸ ਲਿਆਉਣ ਦਾ ਲਿਆ ਸੰਕਲਪ
Monday, Sep 09, 2024 - 06:21 PM (IST)

ਸ਼੍ਰੀਨਗਰ (ਵਾਰਤਾ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਇਕ ਦਿਨ ਵਾਪਸ ਲਿਆਉਣ ਦਾ ਸੰਕਲਪ ਲਿਆ ਅਤੇ ਕਿਹਾ ਕਿ ਭਾਵੇਂ ਇਸ ਵਿਚ ਸਮਾਂ ਲੱਗੇ, ਉਨ੍ਹਾਂ ਦੀ ਪਾਰਟੀ ਅਜਿਹਾ ਕਰਨ ਲਈ ਦ੍ਰਿੜ ਹੈ। ਅਬਦੁੱਲਾ ਨੇ ਜੰਮੂ 'ਚ ਇਕ ਚੋਣ ਰੈਲੀ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਜ਼ਾਹਰ ਕੀਤੀ, ਜਿਸ 'ਚ ਕਿਹਾ ਗਿਆ ਸੀ ਕਿ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਵਾਪਸ ਲਿਆਉਣ ਦਾ ਸੁਫ਼ਨਾ ਦੇਖ ਰਹੀਆਂ ਹਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ,"ਇਸ 'ਚ ਸਮਾਂ ਲੱਗ ਸਕਦਾ ਹੈ ਪਰ ਅਸੀਂ ਧਾਰਾ 370 ਨੂੰ ਵਾਪਸ ਲਿਆਵਾਂਗੇ।" ਇਸ ਨੂੰ ਹਟਾਉਣ 'ਚ ਉਨ੍ਹਾਂ (ਭਾਜਪਾ) ਨੂੰ ਕਈ ਸਾਲ ਲੱਗ ਗਏ। ਹੋ ਸਕਦਾ ਹੈ ਕਿ ਇਸ ਨੂੰ ਬਹਾਲ ਕਰਨ 'ਚ ਸਾਨੂੰ ਕੁਝ ਸਮਾਂ ਲੱਗੇ।''
ਉਨ੍ਹਾਂ ਜ਼ੋਰ ਦਿੱਤਾ ਕਿ ਇਹ ਜੰਮੂ ਕਸ਼ਮੀਰ ਦੇ ਸਾਰੇ ਲੋਕਾਂ ਦੀ ਆਵਾਜ਼ ਹੈ। ਉਨ੍ਹਾਂ ਨੇ ਜੰਮੂ ਕਸ਼ਮੀਰ 'ਚ ਧਾਰਾ 370 ਕਾਰਨ ਅੱਤਵਾਦ ਦੇ ਵਧਣ ਸੰਬੰਧੀ ਭਾਜਪਾ ਦੇ ਦਾਅਵੇ 'ਤੇ ਸਵਾਲ ਚੁੱਕਿਆ। ਉਹ ਪਿਛਲੇ 5 ਸਾਲਾਂ ਤੋਂ ਜੰਮੂ ਕਸ਼ਮੀਰ 'ਚ ਸਰਕਾਰ 'ਚ ਹਨ ਤਾਂ ਅੱਤਵਾਦ ਕਿੱਥੋਂ ਆਉਂਦਾ ਹੈ। ਅਬਦੁੱਲਾ ਨੇ ਕਿਹਾ ਕਿ ਸਰਬਸ਼ਕਤੀਮਾਨ ਦੀ ਇੱਛਾ ਨਾਲ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗਠਜੋੜ ਜੰਮੂ ਕਸ਼ਮੀਰ 'ਚ ਆਉਣ ਵਾਲੀਆਂ ਚੋਣਾਂ 'ਚ ਜੇਤੂ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8