ਮੈਂ ਮੁਸਲਮਾਨ ਹਾਂ ਪਰ ਪਤਾ ਨਹੀਂ ਕਿਉਂ ਮੈਨੂੰ ਭਗਵਾਨ ਰਾਮ ਜੀ ਨਾਲ ਬਹੁਤ ਪਿਆਰ ਹੈ : ਫਾਰੂਕ

03/18/2018 3:21:33 AM

ਸ਼੍ਰੀਨਗਰ— ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਇਕ ਬਿਆਨ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਕ ਨਿੱਜੀ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਫਾਰੂਕ ਨੇ ਕਿਹਾ ਕਿ ਮੈਂ ਇਕ ਮੁਸਲਮਾਨ ਹਾਂ ਪਰ ਪਤਾ ਨਹੀਂ ਕਿਉਂ ਮੈਨੂੰ ਭਗਵਾਨ ਸ਼੍ਰੀ ਰਾਮ ਜੀ ਨਾਲ ਬਹੁਤ ਪਿਆਰ ਹੈ। ਫਾਰੂਕ ਨੇ ਰਾਮ ਜੀ ਦੇ ਨਾਂ ਦਾ ਇਕ ਭਜਨ ਵੀ ਗਾਇਆ। 'ਮੋਰੇ ਰਾਮ ਕਿਸ ਗਲੀ ਗਯੋ ਮੋਰੇ ਰਾਮ, ਮੋਰਾ ਆਂਗਨ, ਸੂਨਾ-ਸੂਨਾ, ਸਖੀ ਢੂੰਡੋ ਕਹਾਂ ਗਯੋ ਮੋਰੇ ਰਾਮ।' ਅਸਲ 'ਚ ਪ੍ਰੋਗਰਾਮ ਦੌਰਾਨ ਫਾਰੂਕ ਅਬਦੁੱਲਾ ਕੋਲੋਂ ਜੰਮੂ-ਕਸ਼ਮੀਰ, ਕਸ਼ਮੀਰੀ ਪੰਡਿਤਾਂ, ਧਰਮ ਅਤੇ ਸਿਆਸਤ ਸਮੇਤ ਵੱਖ-ਵੱਖ ਮੁੱਦਿਆਂ 'ਤੇ ਸਵਾਲ ਪੁੱਛੇ ਗਏ ਸਨ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਮੁਸਲਮਾਨ ਮੈਨੂੰ ਹਿੰਦੂ ਸਮਝਦੇ ਹਨ ਅਤੇ ਹਿੰਦੂ ਇਹ ਸਮਝਦੇ ਹਨ ਕਿ ਮੈਂ ਕਾਫਿਰ ਹਾਂ। ਅਸਲ 'ਚ ਮੇਰੀ ਜ਼ਿੰਦਗੀ ਦਾ ਮੰਤਰ 'ਜਿਓ ਅਤੇ ਜਿਉਣ ਦਿਓ' ਦਾ ਹੈ। ਮੈਂ ਤਹਿ ਦਿਲੋਂ ਚਾਹੁੰਦਾ ਹਾਂ ਕਿ ਭਾਰਤ ਦੇ ਹਰ ਸੂਬੇ 'ਚ ਸ਼ਾਂਤੀ ਕਾਇਮ ਹੋਵੇ।
ਕਸ਼ਮੀਰ 'ਚ ਪੱਥਰਬਾਜ਼ਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਫਾਰੂਕ ਨੇ ਕਿਹਾ ਕਿ ਇਸ ਨੂੰ ਰੋਕਣ ਦੀ ਤਾਕਤ ਮੇਰੇ ਕੋਲ ਨਹੀਂ ਹੈ। ਕਸ਼ਮੀਰੀ ਪੰਡਿਤਾਂ ਦੀ ਵਾਪਸੀ ਬਾਰੇ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਕਸ਼ਮੀਰੀ ਪੰਡਿਤਾਂ ਦੀ ਘਰ ਵਾਪਸੀ ਕਰਵਾਈ ਜਾਵੇ। ਮੌਜੂਦਾ ਸਿਆਸੀ ਹਾਲਾਤ ਬਾਰੇ ਫਾਰੂਕ ਨੇ ਕਿਹਾ ਕਿ ਸਾਨੂੰ ਹਰ ਧਰਮ ਨੂੰ ਜੋੜਨ ਬਾਰੇ ਗੱਲ ਕਰਨੀ ਚਾਹੀਦੀ ਹੈ। ਇਸ ਸਮੇਂ ਵੰਡਣ ਦੀ ਸਿਆਸਤ ਤੋਂ ਦੇਸ਼ ਨੂੰ ਬਚਾਉਣ ਦੀ ਲੋੜ ਹੈ।


Related News