ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਰੌਂਅ 'ਚ ਕਿਸਾਨ, ਬਣਾ ਰਹੇ ਨੇ ਯੋਜਨਾ

Friday, Feb 26, 2021 - 11:35 PM (IST)

ਨਵੀਂ ਦਿੱਲੀ (ਮਹੇਸ਼ ਚੌਹਾਨ) : ਸਿੰਘੂ ਬਾਰਡਰ ’ਤੇ ਅੰਦੋਲਨ ਨੂੰ ਮਜ਼ਬੂਤ ਕਰਨ, ਕਿਸਾਨਾਂ ਨੂੰ ਮੁੜ ਇਕੱਠੇ ਕਰਨ ਅਤੇ ਸਰਕਾਰ ਨੂੰ ਘੇਰਨ ਦਾ ਪਲਾਨ ਬਣਾਉਣ ਦੀ ਗੱਲ ਚੱਲ ਰਹੀ ਹੈ। ਇਸ ਸੀਕ੍ਰੇਟ ਮਿਸ਼ਨ ਬਾਰੇ ਸਿਰਫ ਅੰਦੋਲਨ ਦੇ ਚੋਣਵੇਂ ਲੋਕਾਂ ਨੂੰ ਹੀ ਪਤਾ ਹੋਵੇਗਾ। ਮਿਸ਼ਨ ਨੂੰ ਅੰਜਾਮ ਦੋਣ ਤੋਂ 12 ਘੰਟੇ ਪਹਿਲਾਂ ਹੀ ਮਿਸ਼ਨ ਬਾਰੇ ਦੱਸਿਆ ਜਾਵੇਗਾ ਤਾਂ ਜੋ ਸਰਕਾਰ ਤੇ ਪੁਲਸ ਆਪਣੀ ਰਣਨੀਤੀ ਨਾ ਬਣਾ ਸਕੇ। ਸੀਕ੍ਰੇਟ ਮਿਸ਼ਨ ਨੂੰ ਕਿਸ ਬਾਰਡਰ ਤੋਂ ਅੰਜਾਮ ਦਿੱਤਾ ਜਾਵੇਗਾ, ਇਸ ਬਾਰੇ ਵੀ ਗੁਪਤ ਰੱਖਿਆ ਗਿਆ ਹੈ। ਅੰਦੋਲਨ ਚਲਾਉਣ ਵਾਲੇ ਕੁਝ ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪਹਿਲਾਂ ਅੰਦੋਲਨ ਦੀਆਂ ਯੋਜਨਾਵਾਂ ਵਿਚ ਪਰੇਸ਼ਾਨੀਆਂ ਆਈਆਂ ਹਨ, ਇਸ ਵਾਰ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ, ਪਹਿਲਾਂ ਦੀਆਂ ਗੱਲਾਂ ਤੋਂ ਉਨ੍ਹਾਂ ਕਾਫੀ ਕੁਝ ਸਿੱਖਿਆ ਹੈ।

ਕਿਸਾਨ ਖੇਤੀ ਕਰਨ ਜਾਂ ਥਾਣਿਆਂ ਦੇ ਚੱਕਰ ਲਾਉਣ?
ਸਿੰਘੂ ਬਾਰਡਰ ’ਤੇ ਅੰਦੋਲਨਕਾਰੀ 26 ਜਨਵਰੀ ਦੀ ਹਿੰਸਾ ਤੋਂ ਬਾਅਦ ਕਾਫੀ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਾਰਡਰ ’ਤੇ ਬੈਠੇ ਸੈਂਕੜੇ ਕਿਸਾਨਾਂ ਨੂੰ ਹੁਣ ਇਸ ਤਰ੍ਹਾਂ ਦੇ ਨੋਟਿਸ ਦਿੱਲੀ ਪੁਲਸ ਭੇਜ ਰਹੀ ਹੈ। ਨੋਟਿਸ ਵਿਚ ਕੁੱਟਮਾਰ ਤੋਂ ਲੈ ਕੇ ਮਹਾਮਾਰੀ ਐਕਟ ਸਮੇਤ ਕਈ ਧਾਰਾਵਾਂ ਲਾਈਆਂ ਗਈਆਂ ਹਨ, ਜਿਨ੍ਹਾਂ ਵਿਚ ਕੁਝ ਗੈਰ-ਜ਼ਮਾਨਤੀ ਧਾਰਾਵਾਂ ਵੀ ਹਨ। ਉਨ੍ਹਾਂ ਵਲੋਂ ਦੋਸ਼ ਹੈ ਕਿ ਪੁਲਸ ਨੇ ਜਿਹੜੀਆਂ ਫੋਟੋਆਂ ਜਾਰੀ ਕੀਤੀਆਂ ਹਨ, ਉਨ੍ਹਾਂ ਵਿਚ ਕਈ ਕਿਸਾਨ ਅਜਿਹੇ ਹਨ, ਜੋ 26 ਜਨਵਰੀ ਦੀ ਸਵੇਰ ਲੋਕਾਂ ਨੂੰ ਹੀ ਸਮਝਾ ਰਹੇ ਸਨ ਕਿ ਉਹ ਅਜਿਹਾ ਨਾ ਕਰਨ ਪਰ ਸਾਹਮਣੇ ਅਣਗਿਣਤ ਖਰੂਦੀ ਹੋਣ ਕਾਰਣ ਉਹ ਕੁਝ ਨਹੀਂ ਕਰ ਸਕਦੇ ਸਨ। ਅਜਿਹੇ ਲੋਕਾਂ ਦੀ ਫੋਟੋ ਮੋਬਾਇਲ ਫੋਨ ਰਾਹੀਂ ਬਣਾਈ ਵੀਡੀਓ ਵਿਚ ਵੀ ਆ ਗਈ ਹੈ ਅਤੇ ਪੁਲਸ ਉਨ੍ਹਾਂ ਦੀਆਂ ਫੋਟੋਆਂ ਬਾਰਡਰ ’ਤੇ ਚਿਪਕਾ ਰਹੀ ਹੈ।

ਚੋਣਾਂ ’ਚ ਕਿਸਾਨ ਦੇਣਗੇ ਸਰਕਾਰ ਨੂੰ ਜਵਾਬ
ਸਿੰਘੂ ਬਾਰਡਰ ’ਤੇ ਸ਼ੁੱਕਰਵਾਰ ਨੂੰ ਪੂਰਾ ਦਿਨ ਸਟੇਜ ਤੋਂ ਨੇਤਾਵਾਂ ਦੀ ਬੋਲੀ ਵਿਚ ਇਕ ਪੁਆਇੰਟ ਵੱਖਰਾ ਸੀ। ਉਹ ਪੂਰੇ ਵਿਸ਼ਵਾਸ ਨਾਲ ਕਹਿ ਰਹੇ ਸਨ ਕਿ 5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਤੈਅ ਹੋ ਗਈਆਂ ਹਨ। ਕਿਸਾਨ ਸਾਰੇ 5 ਸੂਬਿਆਂ ਵਿਚ ਸਰਕਾਰ ਨੂੰ ਆਪਣੀ ਵੋਟ ਦੇ ਕੇ ਦੱਸ ਦੇਣਗੇ ਕਿ ਉਹ ਕਿਵੇਂ ਬਿੱਲ ਤੋਂ ਗੁੱਸੇ ਵਿਚ ਹਨ। ਸਰਕਾਰ ਦੀਆਂ ਮਾਰੂ ਨੀਤੀਆਂ ਹੇਠ ਉਹ ਕੁਚਲਣ ਵਾਲੇ ਨਹੀਂ, ਸਗੋਂ ਨੀਤੀਆਂ ਨੂੰ ਹੀ ਕੁਚਲਣ ਵਾਲੇ ਹਨ। ਇਸ ਸਬੰਧੀ ਇਸੇ ਹਫਤੇ ਪੰਚਾਇਤੀ ਤੌਰ ’ਤੇ ਟੀਮਾਂ ਇਨ੍ਹਾਂ ਸੂਬਿਆਂ ਵਿਚ ਪ੍ਰਚਾਰ ਕਰਨਗੀਆਂ ਅਤੇ ਸਰਕਾਰ ਨੂੰ ਮੂੰਹ ਦੇ ਭਾਰ ਜ਼ਮੀਨ ’ਤੇ ਲਿਆਉਣ ਦੀ ਕੋਸ਼ਿਸ਼ ਕਰਨਗੀਆਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News