ਸੁਪਰੀਮ ਕੋਰਟ ਦੇ ਫੈਸਲੇ ''ਤੇ ਕਿਸਾਨਾਂ ਦੀ ਨਜ਼ਰ, 26 ਨੂੰ ਦਿੱਲੀ ''ਚ ਦਾਖਲ ਹੋਣ ਲਈ ਉਤਾਰੂ

Monday, Jan 11, 2021 - 02:24 AM (IST)

ਸੁਪਰੀਮ ਕੋਰਟ ਦੇ ਫੈਸਲੇ ''ਤੇ ਕਿਸਾਨਾਂ ਦੀ ਨਜ਼ਰ, 26 ਨੂੰ ਦਿੱਲੀ ''ਚ ਦਾਖਲ ਹੋਣ ਲਈ ਉਤਾਰੂ

ਸੋਨੀਪਤ (ਦੀਕਸ਼ਿਤ)- ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਸਰਕਾਰ ਵੱਲੋਂ ਇਨਕਾਰ ਕਰਨ ਤੋਂ ਨਾਰਾਜ਼ ਕਿਸਾਨ ਹੁਣ ਆਰ-ਪਾਰ ਦੀ ਲੜਾਈ ਲਈ ਤਿਆਰ ਹੋ ਗਏ ਹਨ। ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ, ਦਿੱਲੀ ਵਿਚ 26 ਜਨਵਰੀ ਨੂੰ ਉਹ ਸ਼ਕਤੀ ਪ੍ਰਦਰਸ਼ਨ ਹਰ ਹਾਲਤ ਵਿਚ ਕਰਨਗੇ। 
ਕਿਸਾਨਾਂ ਦੀ ਨਜ਼ਰ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਹੋਣ ਵਾਲੀ ਸੁਣਵਾਈ 'ਤੇ ਵੀ ਟਿਕੀ ਹੋਈ ਹੈ। ਸੁਪਰੀਮ ਕੋਰਟ ਦੇ ਰੁਖ ਤੋਂ ਬਾਅਦ ਕਿਸਾਨ ਰਣਨੀਤੀ ਬਣਾ ਕੇ ਦੱਸਣਗੇ ਕਿ ਹੁਣ ਅੱਗੋਂ ਕੀ ਕਰਨਾ ਹੈ। 26 ਜਨਵਰੀ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। 

ਇਹ ਵੀ ਪੜ੍ਹੋ : IND v AUS : ਰੋਹਿਤ ਦਾ ਵਿਸ਼ਵ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਇਕਲੌਤੇ ਬੱਲੇਬਾਜ਼
ਸਿੰਘੂ ਦੀ ਹੱਦ 'ਤੇ ਕਿਸਾਨ ਜੱਥੇਬੰਦੀਆਂ ਦੀ ਐਤਵਾਰ ਸਾਰਾ ਦਿਨ ਬੈਠਕ ਚੱਲਦੀ ਰਹੀ ਪਰ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ। ਕਿਸਾਨ ਆਗੂਆਂ ਨੇ ਕਿਹਾ ਕਿ ਸੋਮਵਾਰ ਅਸੀਂ ਸਾਰੀ ਸਥਿਤੀ ਸਪੱਸ਼ਟ ਕਰ ਦਿਆਂਗੇ। ਇਸ ਵਿਚ 15 ਜਨਵਰੀ ਦੀ ਬੈਠਕ ਵਿਚ ਸ਼ਾਮਲ ਹੋਣ ਜਾਂ ਨਾ ਹੋਣ ਦਾ ਫੈਸਲਾ ਵੀ ਲਿਆ ਜਾਵੇਗਾ। ਕਿਸਾਨਾਂ ਨੇ ਲੋਹੜੀ ਦੇ ਮੌਕੇ 'ਤੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜਣ ਦਾ ਸੱਦਾ ਦਿੱਤਾ ਹੈ। 18 ਜਨਵਰੀ ਨੂੰ ਹਰ ਜ਼ਿਲੇ ਅਤੇ ਤਹਿਸੀਲ ਪੱਧਰ 'ਤੇ ਮਹਿਲਾ ਕਿਸਾਨ ਦਿਵਸ ਮਨਾਇਆ ਜਾਵੇਗਾ। ਹੁਣ ਦਿੱਲੀ ਨਾਲ ਲੱਗਦੀਆਂ ਸਭ ਹੱਦਾਂ 'ਤੇ ਮੋਰਚੇ ਦੀ ਅਗਵਾਈ ਔਰਤਾਂ ਦੇ ਹੱਥਾਂ ਵਿਚ ਦੇਣ ਬਾਰੇ ਗੱਲ ਰੱਖੀ ਗਈ ਹੈ। ਇਸ ਸਬੰਧੀ ਸਰਬ ਸੰਮਤੀ ਨਾਲ ਫੈਸਲਾ ਹੋ ਗਿਆ ਹੈ। 

ਇਹ ਵੀ ਪੜ੍ਹੋ : ਸਮਿਥ ਨੇ ਇਕ ਟੈਸਟ ’ਚ ਸਭ ਤੋਂ ਜ਼ਿਆਦਾ ਵਾਰ ਲਗਾਇਆ ਸੈਂਕੜਾ ਅਤੇ ਅਰਧ ਸੈਂਕੜਾ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਗਣਤੰਤਰ ਦਿਵਸ ਦੀ ਪਰੇਡ ਲਈ ਉਹ ਬੈਰੀਕੇਡ ਤੋੜਦੇ ਹੋਏ ਅੱਗੇ ਵਧਣਗੇ। ਉਨ੍ਹਾਂ ਨੂੰ ਜਿਸ ਤਰ੍ਹਾਂ ਦਿੱਲੀ ਵਿਚ ਜਾਣ ਤੋਂ ਰੋਕਣ ਲਈ ਹੱਥਕੰਡੇ ਅਪਣਾਏ ਗਏ ਸਨ ਪਰ ਉਹ ਉਨ੍ਹਾਂ ਸਭ ਨੂੰ ਪਾਰ ਕਰਦੇ ਹੋਏ ਦਿੱਲੀ ਤੱਕ ਪਹੁੰਚ ਗਏ ਹਨ, ਠੀਕ ਉਸੇ ਤਰ੍ਹਾਂ ਹੀ ਗਣਤੰਤਰ ਦਿਵਸ ਦੀ ਪਰੇਡ ਲਈ ਉਹ ਦਿੱਲੀ ਅੰਦਰ ਦਾਖਲ ਹੋ ਜਾਣਗੇ। ਉਹ ਆਪਣੀ ਪਰੇਡ ਕੱਢਣਗੇ। ਗਣਤੰਤਰ ਦਿਵਸ ਦੀ ਪਰੇਡ ਨੂੰ ਖਰਾਬ ਕਰਨ ਜਾਂ ਉਸ ਵਿਚ ਵਿਘਨ ਪਾਉਣ ਦਾ ਕਿਸਾਨਾਂ ਦਾ ਕੋਈ ਇਰਾਦਾ ਨਹੀਂ। ਸਰਕਾਰ ਸਾਨੂੰ ਵੱਧ ਤੋਂ ਵੱਧ ਗੋਲੀ ਹੀ ਮਾਰ ਦੇਵੇਗੀ, 70 ਕਿਸਾਨ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਹਨ, 70 ਜਾਂ 100 ਹੋਰ ਸ਼ਹੀਦ ਹੋ ਜਾਣਗੇ।
ਦਿੱਲੀ ਨੇ ਵਧਾਈ ਸੁਰੱਖਿਆ
ਕਿਸਾਨਾਂ ਵਲੋਂ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਲ ਹੋਣ ਦੇ ਐਲਾਨ ਕਾਰਣ ਸਿੰਘੂ ਦੀ ਹੱਦ 'ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ। ਸਭ ਤੋਂ ਵੱਧ ਕਿਸਾਨ ਇਸ ਹੱਦ ਰਾਹੀਂ ਦਿੱਲੀ ਵਿਚ ਜਾਣ ਦਾ ਯਤਨ ਕਰਨਗੇ। ਪੁਲਸ ਵਲੋਂ ਉਥੇ ਵੱਧ ਤੋਂ ਵੱਧ ਪੱਥਰ ਲਾ ਦਿੱਤੇ ਗਏ ਹਨ। ਨਾਲ ਹੀ ਨੀਮ ਸੁਰੱਖਿਆ ਫੋਰਸਾਂ ਦੇ ਜਵਾਨ ਵੀ ਕੁਝ ਅੱਗੇ ਆ ਗਏ ਹਨ। 24 ਘੰਟਿਆਂ ਲਈ ਜਵਾਨਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਲਗਭਗ ਅੱਧਾ ਕਿਲੋਮੀਟਰ ਇਲਾਕੇ ਵਿਚ 5 ਤੋਂ 8 ਪੜਾਵਾਂ ਦੀ ਸੁਰੱਖਿਆ ਸਿਰਫ ਪੱਥਰਾਂ ਨਾਲ ਹੀ ਕੀਤੀ ਗਈ ਹੈ। 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News