ਕਿਸਾਨਾਂ ਦਾ ਐਲਾਨ ਮੁਸਾਫ਼ਰ ਕਿਰਪਾ ਧਿਆਨ ਦੇਣ, ਰੇਲਾਂ ਤਾਂ ਅਸੀਂ ਰੋਕਾਂਗੇ, ਮੁਸ਼ਕਲ ਲਈ ਅਫਸੋਸ ਹੈ

02/18/2021 9:48:35 AM

ਨਵੀਂ ਦਿੱਲੀ (ਕੁਮਾਰ ਗਜੇਂਦਰ)- ਕਿਸਾਨਾਂ ਨੇ ਬੁੱਧਵਾਰ ਐਲਾਨ ਕੀਤਾ ਕਿ ਵੀਰਵਾਰ ਨੂੰ ਪੂਰੇ ਦੇਸ਼ ’ਚ ਰੇਲਾਂ ਰੋਕੀਆਂ ਜਾਣਗੀਆਂ। ਕਿਸਾਨ ਸੈਂਕੜੇ ਥਾਵਾਂ ’ਤੇ ਟਰੇਨਾਂ ਦੀ ਆਵਾਜਾਈ ਰੋਕਣਗੇ। ਇਸ ਕਾਰਨ ਲੱਖਾਂ ਲੋਕਾਂ ਨੂੰ ਮੁਸ਼ਕਲ ਪੇਸ਼ ਆਵੇਗੀ। ਕਿਸਾਨਾਂ ਨੇ ਇਸ ਲਈ ਮੁਸਾਫਰਾਂ ਕੋਲੋਂ ਮੁਆਫੀ ਮੰਗਦੇ ਹੋਏ ਕਿਹਾ ਹੈ ਕਿ ਹੋ ਸਕੇ ਤਾਂ ਲੋਕ ਵੀਰਵਾਰ ਨੂੰ ਆਪਣੀ ਰੇਲ ਯਾਤਰਾ ਮੁਲਤਵੀ ਕਰ ਦੇਣ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਅੰਦੋਲਨ ਕਾਰਨ ਆਮ ਲੋਕਾਂ ਨੂੰ ਜਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੋਂ ਅਸੀਂ ਜਾਣੂ ਹਾਂ, ਪਰ ਦੇਸ਼ ਦੇ ਲੋਕਾਂ ਨੂੰ ਵੀ ਇਹ ਗੱਲ ਸਮਝਣੀ ਹੋਵੇਗੀ ਕਿ ਸਰਕਾਰ ਦੀ ਜ਼ਿੱਦ ਕਾਰਨ ਦੇਸ਼ ਦਾ ਕਿਸਾਨ ਮਰ ਜਾਵੇਗਾ। ਕਿਸਾਨਾਂ ਨੂੰ ਇਸ ਮੌਤ ਤੋਂ ਬਚਾਉਣ ਲਈ ਹੀ ਸੰਘਰਸ਼ ਕੀਤਾ ਜਾ ਰਿਹਾ ਹੈ।

ਅੰਦੋਲਨ ਨੂੰ ਕੀਤਾ ਜਾ ਰਿਹਾ ਹੈ ਬਦਨਾਮ
ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਸਰਕਾਰ ਕਈ ਤਰ੍ਹਾਂ ਦੇ ਹੱਥਕੰਢੇ ਅਪਣਾ ਰਹੀ ਹੈ। ਉਨ੍ਹਾਂ ਚੌਗਿਰਦਾ ਐਕਟੀਵਿਸਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਵਿਰੁੱਧ ਉੱਠਣ ਵਾਲੀ ਹਰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ’ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਦੇਸ਼ਧ੍ਰੋਹ ਦੇ ਦੋਸ਼ ਲਾ ਕੇ ਜੇਲ੍ਹਾਂ ’ਚ ਸੁੱਟਿਆ ਜਾ ਰਿਹਾ ਹੈ ਤਾਂ ਜੋ ਆਮ ਲੋਕ ਇਸ ਅੰਦੋਲਨ ਨੂੰ ਹਮਾਇਤ ਦੇਣੀ ਬੰਦ ਕਰ ਦੇਣ। ਸਰਕਾਰ ਦਾ ਯਤਨ ਇਸ ਅੰਦੋਲਨ ਨੂੰ ਖਾਲਿਸਤਾਨੀ ਦੱਸ ਕੇ ਬਦਨਾਮ ਕਰਨ ਦਾ ਹੈ। ਚੌਗਿਰਦਾ ਐਕਟੀਵਿਸਟ ਦੀ ਗ੍ਰਿਫਤਾਰੀ ਬੇਹੱਦ ਸ਼ਰਮਨਾਕ ਹੈ।

ਇਹ ਵੀ ਪੜ੍ਹੋ : ਭਲਕੇ 12 ਤੋਂ 4 ਵਜੇ ਤੱਕ ਦੇਸ਼ ਭਰ ’ਚ ਰੇਲਾਂ ਰੋਕਣਗੇ ਕਿਸਾਨ, ਜਾਣੋ ਕੀ ਬੋਲੇ ਰਾਕੇਸ਼ ਟਿਕੈਤ

ਟੂਲਕਿਟ ਨੂੰ ਇਕ ਘਾਤਕ ਹੱਥਿਆਰ ਵਜੋਂ ਕੀਤਾ ਜਾ ਰਿਹਾ ਹੈ ਪੇਸ਼
ਅੰਦੋਲਨਕਾਰੀ ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਨੂੰ ਦੇਸ਼ਧ੍ਰੋਹੀ ਦੱਸ ਰਹੀ ਹੈ ਜਦੋਂ ਕਿ ਇਹ ਕਾਨੂੰਨ ਖੇਤੀਬਾੜੀ ਦੀ ਜ਼ਮੀਨ ਅਤੇ ਬਾਜ਼ਾਰਾਂ ਨੂੰ ਘਰੇਲੂ ਅਤੇ ਵਿਦੇਸ਼ੀ ਘਰਾਣਿਆ ਦੇ ਹੱਥਾਂ ’ਚ ਸੌਂਪਣ ਦਾ ਹੱਥਿਆਰ ਹੈ ਜਿਹੜਾ ਵੀ ਇਨ੍ਹਾਂ ਕਾਨੂੰਨਾਂ ਵਿਰੁੱਧ ਬੋਲਦਾ ਹੈ, ਸਰਕਾਰ ਉਸ ਨੂੰ ਜੇਲ੍ਹ ਦਾ ਰਾਹ ਵਿਖਾ ਦਿੰਦੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਦਿਸ਼ਾ ਰਵੀ ਦੀ ਗ੍ਰਿਫਤਾਰੀ ਨੇ ਨਿਆਪਾਲਕਾ ਦੀ ਹਾਲਤ ਨੂੰ ਵੀ ਲੋਕਾਂ ਦੇ ਸਾਹਮਣੇ ਲਿਆ ਦਿੱਤਾ ਹੈ। ਅਸਲ ’ਚ ਕਿਸਾਨਾਂ ਦੇ ਇਸ ਅੰਦੋਲਨ ਨੇ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸੋਮਿਆਂ, ਬਾਜ਼ਾਰਾਂ ਅਤੇ ਸਭ ਸੇਵਾ ਖੇਤਰਾਂ ਨੂੰ ਕਾਰਪੋਰੇਟ ਘਰਾਣਿਆ ਨੂੰ ਵੇਚਣ ਦੇ ਯਤਨਾਂ ’ਤੇ ਤਿੱਖਾ ਹਮਲਾ ਕੀਤਾ ਹੈ। ਇਸੇ ਲਈ ਵੱਡੀ ਪੱਧਰ ’ਤੇ ਦੇਸ਼ ਦੇ ਲੋਕ ਇਸ ਅੰਦੋਲਨ ਦੀ ਹਮਾਇਤ ਕਰਨ ਲਈ ਅੱਗੇ ਆ ਰਹੇ ਹਨ ਅਤੇ ਸਰਕਾਰ ਨੂੰ ਇਹ ਗੱਲ ਬੁਰੀ ਲੱਗ ਰਹੀ ਹੈ। ਟੂਲਕਿਟ ਨੂੰ ਇਕ ਘਾਤਕ ਹੱਥਿਆਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪਿਤਾ ਦੇ ਆਟੋ ’ਚ ਬੈਠ ਕੇ ਸਨਮਾਨ ਸਮਾਰੋਹ ’ਚ ਪੁੱਜੀ ਮਿਸ ਇੰਡੀਆ ਰਨਰ ਅਪ, ਹਰ ਪਾਸੇ ਹੋ ਰਹੀ ਤਾਰੀਫ਼

ਕਾਲੇ ਕਾਨੂੰਨਾਂ ਅਤੇ ਫਰਜ਼ੀ ਮਾਮਲਿਆਂ ਨੂੰ ਵਾਪਸ ਲਿਆ ਜਾਵੇ
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅੰਦੋਲਨ ਕਾਰਨ ਸਰਕਾਰ ਬੁਰੀ ਤਰ੍ਹਾਂ ਬੈਕਫੁੱਟ ’ਤੇ ਆ ਗਈ ਹੈ। ਸਰਕਾਰ ਨੇ ਜੇ ਦੇਸ਼ ’ਚ ਆਪਣੀ ਸਾਖ ਬਚਾਉਣੀ ਹੈ ਤਾਂ ਇਨ੍ਹਾਂ ਤਿੰਨਾਂ ਕਾਨੂੰਨਾਂ ਅਤੇ ਫਰਜ਼ੀ ਮਾਮਲਿਆਂ ਨੂੰ ਵਾਪਸ ਲੈਣਾ ਹੋਵੇਗਾ। ਨਾਲ ਹੀ ਐੱਮ.ਐੱਸ.ਪੀ. ਅਤੇ ਸਰਕਾਰੀ ਖਰੀਦ ਬਾਰੇ ਨਵਾਂ ਕਾਨੂੰਨ ਬਣਾਉਣਾ ਚਾਹੀਦਾ ਹੈ। ਚੌਗਿਰਦਾ ਐਕਟੀਵਿਸਟ ਅਤੇ ਹੋਰ ਲੋਕਾਂ ਅਤੇ ਕਿਸਾਨਾਂ ਵਿਰੁੱਧ ਦਰਜ ਸਭ ਮਾਮਲੇ ਵਾਪਸ ਲਏ ਜਾਣੇ ਚਾਹੀਦੇ ਹਨ। ਸਰਕਾਰ ਨੇ ਜੇ ਇੰਝ ਨਾ ਕੀਤਾ ਤਾਂ ਇਕ ਵੱਡਾ ਵੋਟ ਬੈਂਕ ਭਾਜਪਾ ਦੇ ਖਾਤੇ ’ਚੋਂ ਖਿਸਕ ਜਾਵੇਗਾ।

ਨੋਟ : ਕਿਸਾਨਾਂ ਵਲੋਂ ਰੇਲਾਂ ਰੋਕਣ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News