ਕਿਸਾਨਾਂ ਨੂੰ ਪੈਦਾਵਾਰ ਦਾ ਸਹੀ ਮੁੱਲ ਮਿਲੇ : ਮੁਰਮੂ
Saturday, Feb 10, 2024 - 11:03 AM (IST)
ਨਵੀਂ ਦਿੱਲੀ-ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਸਾਨਾਂ ਦੀ ਗਰੀਬੀ ਦੇ ਪੱਧਰ ਨੂੰ ਰੇਖਾਂਕਿਤ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਪੈਦਾਵਾਰ ਦੀ ਸਹੀ ਕੀਮਤ ਦਿਵਾਉਣ ਅਤੇ ਉਨ੍ਹਾਂ ਦੀ ਖੁਸ਼ਹਾਲੀ ਵਧਾਉਣ ਲਈ ਯਤਨ ਤੇਜ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਮੁਰਮੂ ਨੇ ਸਰਕਾਰ ਵੱਲੋਂ ਇਸ ਦਿਸ਼ਾ ਵਿਚ ਚੁੱਕੇ ਗਏ ਵੱਖ-ਵੱਖ ਕਦਮਾਂ ਦਾ ਜ਼ਿਕਰ ਕਰਦੇ ਹੋਏ ਭਰੋਸਾ ਪ੍ਰਗਟਾਇਆ ਕਿ ਸਾਲ 2047 ਤੱਕ ਭਾਰਤ ਨੂੰ ਇਕ ਵਿਕਸਤ ਰਾਸ਼ਟਰ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਦੀ ਯਾਤਰਾ ਵਿਚ ਦੇਸ਼ ਦਾ ਕਿਸਾਨ ਮੋਹਰੀ ਹੋਵੇਗਾ। ਰਾਸ਼ਟਰਪਤੀ ਇੱਥੇ ਭਾਰਤੀ ਖੇਤੀ ਖੋਜ ਸੰਸਥਾਨ (ਆਈ. ਸੀ. ਏ. ਆਰ.) ਦੀ 62ਵੀਂ ਕਨਵੋਕੇਸ਼ਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਕਿਸਾਨਾਂ ਅਤੇ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਜਾਣੂ ਹਾਂ। ਸਾਡੇ ਬਹੁਤ ਸਾਰੇ ਕਿਸਾਨ ਭੈਣ-ਭਰਾ ਅੱਜ ਵੀ ਗਰੀਬੀ ਵਿਚ ਜੀਅ ਰਹੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦਾ ਸਹੀ ਮੁੱਲ ਮਿਲੇ, ਉਹ ਗਰੀਬੀ ਦੀ ਜ਼ਿੰਦਗੀ ਤੋਂ ਖੁਸ਼ਹਾਲੀ ਵੱਲ ਵਧਣ, ਇਸ ਦਿਸ਼ਾ ਵਿਚ ਸਾਨੂੰ ਹੋਰ ਵੀ ਅੱਗੇ ਵਧਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਿਚ ਕਾਫ਼ੀ ਵਾਧਾ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਆਮਦਨ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ।