ਸ਼ੰਭੂ ਬਾਰਡਰ 'ਤੇ ਡਟੇ ਕਿਸਾਨ, 6 ਕਿਲੋਮੀਟਰ ਏਰੀਏ ’ਚ ਬਣਾਏ ਅਸਥਾਈ ਰੈਣ ਬਸੇਰੇ
Sunday, Feb 18, 2024 - 10:18 AM (IST)
ਪਟਿਆਲਾ/ਸਨੌਰ/ਬਨੂੜ (ਜੋਸਨ, ਗੁਰਪਾਲ, ਅਲੀ)- ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਵੱਲ ਕੂਚ ਕਰ ਰਹੇ ਹਜ਼ਾਰਾਂ ਕਿਸਾਨਾਂ ਨੂੰ ਪੰਜਾਬ-ਹਰਿਆਣਾ ਬਾਰਡਰ ਸ਼ੰਭੂ ਵਿਖੇ ਵੱਡੇ ਬੈਰੀਕੇਡ ਲਗਾ ਕੇ ਰੋਕਣ ਤੋਂ ਬਾਅਦ ਕਿਸਾਨਾਂ ਨੇ ਵੀ ਸ਼ੰਭੂ ਬਾਰਡਰ ਦੇ 6 ਤੋਂ 7 ਕਿਲੋਮੀਟਰ ਦੇ ਏਰੀਏ ਨੂੰ ਇਕ ਤਰ੍ਹਾਂ ਨਾਲ ਅਸਥਾਈ ਰੈਣ ਬਸੇਰਾ ਬਣਾ ਲਿਆ ਹੈ।
ਇਹ ਵੀ ਪੜ੍ਹੋ- ਅੰਦੋਲਨ ਨੂੰ ਲੈ ਕੇ ਕੀ ਹੈ ਕਿਸਾਨਾਂ ਦੀ ਅੱਗੇ ਦੀ ਯੋਜਨਾ, ਕਿਸਾਨ ਆਗੂ ਪੰਧੇਰ ਨੇ ਦੱਸੀ ਪੂਰੀ ਗੱਲ
ਲੰਗਰਾਂ ਲਈ ਬਣਾਈਆਂ ਰਸੋਈਆਂ-
ਕਿਸਾਨਾਂ ਦੇ ਇਸ ਸੰਘਰਸ਼ਮਈ ਅਸਥਾਈ ਰੈਣ ਬਸੇਰੇ ’ਚ ਥਾਂ-ਥਾਂ ’ਤੇ ਲੰਗਰ, ਚੁੱਲ੍ਹੇ, ਰਸੋਈਆਂ, ਨਹਾਉਣ ਦੇ ਪ੍ਰਬੰਧ, ਇੱਥੋਂ ਤੱਕ ਕਿ ਦਵਾਈਆਂ ਦੇਣ ਲਈ ਛੋਟੀਆਂ-ਛੋਟੀਆਂ ਡਿਸਪੈਂਸਰੀਆਂ ਤੇ ਐਂਬੂਲੈਂਸਾਂ ਤੱਕ ਮੌਜੂਦ ਹਨ। ਕਿਸਾਨ ਪੂਰੀ ਤਰ੍ਹਾਂ ਲੰਬਾ ਸੰਘਰਸ਼ ਲੜਨ ਦੇ ਮੂਡ ’ਚ ਹਨ, ਜਿਸ ਨੇ ਕੇਂਦਰ ਸਰਕਾਰ ਨੂੰ ਬਿਪਤਾ ਪਾਈ ਹੋਈ ਹੈ। ਲੰਘੇ 5 ਦਿਨਾਂ ਤੋਂ ਲੱਗੇ ਇਨ੍ਹਾਂ ਸਥਾਈ ਡੇਰਿਆਂ ਅੰਦਰ ਰੋਜ਼ਾਨਾ ਨਵਾਂ-ਨਵਾਂ ਕੁਝ ਦੇਖਣ ਨੂੰ ਮਿਲਦਾ ਹੈ। ਇਥੇ ਹਰ ਤਰ੍ਹਾਂ ਦਾ ਲੰਗਰ ਮਿਲ ਰਿਹਾ ਹੈ। ਕਿਸਾਨਾਂ ਨੇ ਇਕ ਤਰ੍ਹਾਂ ਨਾਲ ਆਪਣੀ ਵੱਖਰੀ ਰਸੋਈ ਤਿਆਰ ਕੀਤੀ ਹੋਈ ਹੈ। ਇਸ ਤੋਂ ਬਿਨ੍ਹਾਂ ਵੱਖ-ਵੱਖ ਸੰਸਥਾਵਾਂ ਤੇ ਪਿੰਡਾਂ ਵੱਲੋਂ ਟਰਾਲੀਆਂ ’ਚ ਲੰਗਰ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਡਿਊਟੀ ਦੌਰਾਨ ਹਰਿਆਣਾ ਪੁਲਸ ਦੇ ਸਬ-ਇੰਸਪੈਕਟਰ ਦੀ ਮੌਤ, ਇਸ ਵਜ੍ਹਾ ਨਾਲ ਗਈ ਜਾਨ
ਨਹਾਉਣ-ਧੋਣ ਦਾ ਵੀ ਕੀਤਾ ਪ੍ਰਬੰਧ
ਕਿਸਾਨਾਂ ਵੱਲੋਂ ਨਹਾਉਣ-ਧੋਣ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਇੱਥੋਂ ਤੱਕ ਕਿ ਜਿਹੜੀਆਂ ਬੀਬੀਆਂ ਰਹਿ ਰਹੀਆਂ ਹਨ, ਉਨ੍ਹਾਂ ਲਈ ਵੱਖਰੇ ਤੌਰ ’ਤੇ ਪੂਰੀ ਤਰ੍ਹਾਂ ਬੰਦ ਆਰਜ਼ੀ ਗੁਸਲਖਾਨੇ ਬਣਾਏ ਗਏ ਹਨ। ਰਾਤ ਨੂੰ ਟਰਾਲੀਆਂ ’ਚ ਇਨ੍ਹਾਂ ਦੇ ਰੈਣ ਬਸੇਰੇ ਹਨ।
ਇਹ ਵੀ ਪੜ੍ਹੋ- ਦਿੱਲੀ CM ਦਾ BJP 'ਤੇ ਤਿੱਖਾ ਵਾਰ, ਕੇਜਰੀਵਾਲ ਨੂੰ ਤਾਂ ਗ੍ਰਿਫ਼ਤਾਰ ਕਰ ਲਓਗੇ ਪਰ ਸੋਚ ਨੂੰ ਨਹੀਂ
ਇਹ ਹਨ ਕਿਸਾਨ ਦੀਆਂ ਮੰਗਾਂ
ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨੀ ਕਰਜ਼ਾ ਮੁਆਫ਼ੀ, ਪੁਲਸ 'ਚ ਦਰਜ ਕੇਸ ਵਾਪਸ ਲੈਣ, ਲਖੀਮਪੁਰੀ ਖੀਰੀ ਹਿੰਸਾ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਮੰਗ ਕਰ ਰਹੀ ਹੈ। । ਭੂਮੀ ਐਕੁਵਾਇਰ ਐਕਟ 2013 ਨੂੰ ਬਹਾਲ ਕਰਨ ਅਤੇ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e