ਰਾਹੁਲ ਦਾ PM ਮੋਦੀ ''ਤੇ ਸ਼ਬਦੀ ਵਾਰ- ਅੰਨਦਾਤਾ ਦਾ ਸੜਕਾਂ ''ਤੇ ਧਰਨਾ ਅਤੇ ''ਝੂਠ'' ਟੀਵੀ ''ਤੇ ਭਾਸ਼ਣ
Tuesday, Dec 01, 2020 - 10:31 AM (IST)
ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇਕ ਵਾਰ ਫਿਰ ਮੋਦੀ ਸਰਕਾਰ ਨੂੰ ਘੇਰਿਆ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਦਿੱਲੀ ਦੇ ਬਾਰਡਰਾਂ 'ਤੇ ਡਟੇ ਕਿਸਾਨਾਂ ਨਾਲ ਇਕਜੁੱਟਤਾ ਜ਼ਾਹਰ ਕਰਦੇ ਹੋਏ ਰਾਹੁਲ ਗਾਂਧੀ ਨੇ ਟਵੀਟ ਕੀਤਾ। ਰਾਹੁਲ ਨੇ ਟਵੀਟ ਕਰ ਕੇ ਲਿਖਿਆ ਕਿ ਅੰਨਦਾਤਾ ਸੜਕਾਂ-ਮੈਦਾਨਾਂ 'ਚ ਧਰਨਾ ਦੇ ਰਹੇ ਹਨ ਅਤੇ 'ਝੂਠ' ਟੀਵੀ 'ਤੇ ਭਾਸ਼ਣ! ਉਨ੍ਹਾਂ ਨੇ ਲਿਖਿਆ ਕਿ ਕਿਸਾਨ ਦੀ ਮਿਹਨਤ ਦਾ ਸਾਡੇ ਸਾਰਿਆਂ 'ਤੇ ਕਰਜ਼ ਹੈ। ਇਹ ਕਰਜ਼ ਉਨ੍ਹਾਂ ਨੂੰ ਇਨਸਾਫ਼ ਅਤੇ ਹੱਕ ਦੇ ਕੇ ਹੀ ਉਤਰੇਗਾ, ਨਾ ਕਿ ਉਨ੍ਹਾਂ 'ਤੇ ਡੰਡੇ ਅਤੇ ਹੰਝੂ ਗੈਸ ਦੇ ਸੁੱਟ ਕੇ। ਰਾਹੁਲ ਗਾਂਧੀ ਨੇ ਸਰਕਾਰ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਜਾਗੋ, ਹੰਕਾਰ ਦੀ ਕੁਰਸੀ ਤੋਂ ਉਤਰ ਕੇ ਸੋਚੋ ਅਤੇ ਕਿਸਾਨ ਨੂੰ ਅਧਿਕਾਰ ਦਿਓ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਕਿਸਾਨੀ ਮਸਲੇ 'ਤੇ ਕਈ ਨਿਸ਼ਾਨੇ ਵਿੰਨ੍ਹੇ ਹਨ। ਜ਼ਿਕਰਯੋਗ ਹੈ ਕਿ ਦਿੱਲੀ-ਹਰਿਆਣਾ ਦੇ ਸਿੰਘੂ ਅਤੇ ਟਿਕਰੀ ਬਾਰਡਰਾਂ 'ਤੇ ਕਿਸਾਨ ਡਟੇ ਹੋਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਬਿਨਾਂ ਕਿਸੇ ਸ਼ਰਤ ਦੇ ਗੱਲਬਾਤ ਮਨਜ਼ੂਰ ਨਹੀਂ ਕਰਨਗੇ। ਨਾਲ ਹੀ ਚਿਤਾਵਨੀ ਦਿੱਤੀ ਸੀ ਕਿ ਉਹ ਰਾਸ਼ਟਰੀ 'ਚ ਆਉਣ ਵਾਲੇ ਸਾਰੇ 5 ਕੌਮੀ ਮਾਰਗਾਂ ਨੂੰ ਬੰਦ ਕਰ ਦੇਣਗੇ। ਕਿਸਾਨ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ 'ਤੇ ਪਿਛਲੇ 5 ਦਿਨਾਂ ਤੋਂ ਡਟੇ ਹੋਏ ਹਨ।