ਕਿਸਾਨ ਅੰਦੋਲਨ: ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਭਲਕੇ ਹੋਵੇਗੀ 9ਵੇਂ ਦੌਰ ਦੀ ਗੱਲਬਾਤ
Thursday, Jan 14, 2021 - 06:30 PM (IST)
ਨਵੀਂ ਦਿੱਲੀ— ਕਿਸਾਨੀ ਮੁੱਦੇ ਨੂੰ ਲੈੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਕੱਲ੍ਹ ਯਾਨੀ ਕਿ 15 ਜਨਵਰੀ ਨੂੰ 9ਵੇਂ ਦੌਰ ਦੀ ਗੱਲਬਾਤ ਹੋਵੇਗੀ। ਦਿੱਲੀ ਵਿਖੇ ਵਿਗਿਆਨ ਭਵਨ ’ਚ ਇਹ ਬੈਠਕ ਦੁਪਹਿਰ 12 ਵਜੇ ਹੋਵੇਗੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਹੋਣ ਵਾਲੀ ਇਸ ਬੈਠਕ ਨੂੰ ਲੈ ਕੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ 9ਵੇਂ ਦੌਰ ਦੀ ਗੱਲਬਾਤ ’ਚ ਸਕਾਰਾਤਮਕ ਚਰਚਾ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਖੁੱਲ੍ਹੇ ਦਿਲ ਨਾਲ 15 ਜਨਵਰੀ ਨੂੰ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸੁਪਰੀਮ ਕੋਰਟ ਵਲੋਂ ਗਠਿਤ 4 ਮੈਂਬਰੀ ਕਮੇਟੀ ’ਚੋਂ ਵੱਖ ਹੋਏ ਭੁਪਿੰਦਰ ਸਿੰਘ ਮਾਨ
ਦੱਸਣਯੋਗ ਹੈ ਕਿ ਕਿਸਾਨੀ ਮੁੱਦਾ ਸੁਪਰੀਮ ਕੋਰਟ ਵੀ ਪਹੁੰਚ ਚੁੱਕਾ ਹੈ। ਸੁਪਰੀਮ ਕੋਰਟ ਨੇ ਇਸ ਮੁੱਦੇ ਨੂੰ ਸੁਲਝਾਉਣ ਲਈ ਕੇਂਦਰ ਵਲੋਂ ਲਿਆਂਦੇ ਗਏ ਤਿੰਨੋਂ ਖੇਤੀ ਕਾਨੂੰਨਾਂ ’ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ 4 ਮੈਂਬਰੀ ਕਮੇਟੀ ਵੀ ਬਣਾਈ ਹੈ ਪਰ ਇਸ ਕਮੇਟੀ ਦਾ ਕਿਸਾਨ ਵਿਰੋਧ ਕਰ ਰਹੇ ਸਨ, ਕਿਉਂਕਿ ਕਮੇਟੀ ’ਚ ਜੋ ਮੈਂਬਰ ਹਨ, ਉਹ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਚੁੱਕੇ ਹਨ। ਇਸ ਦਰਮਿਆਨ ਅੱਜ ਵੱਡੀ ਇਹ ਵੀ ਖ਼ਬਰ ਸਾਹਮਣੇ ਆਈ ਹੈ ਕਿ ਸੁਪਰੀਮ ਕੋਰਟ ਵਲੋਂ ਬਣਾਈ ਇਸ ਕਮੇਟੀ ’ਚੋਂ ਇਕ ਮੈਂਬਰ- ਭੁਪਿੰਦਰ ਸਿੰਘ ਮਾਨ ਨੇ ਖ਼ੁਦ ਨੂੰ ਵੱਖ ਕਰ ਲਿਆ ਹੈ। ਭੁਪਿੰਦਰ ਸਿੰਘ ਮਾਨ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਆਲ ਇੰਡੀਆ ਕਿਸਾਨ ਤਾਲਮੇਲ ਕਮੇਟੀ ਦੇ ਚੇਅਰਮੈਨ ਹਨ। ਮਾਨ ਸਾਬਕਾ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਕਿਸਾਨ ਹਿੱਤ ’ਚ ਇਹ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਡੇਰੇ, ਕਿਸਾਨ ਅੰਦੋਲਨ ’ਤੇ ਬਰਸ ਰਹੀ ‘ਗੁਰੂ ਘਰ ਦੀ ਕਿਰਪਾ’
ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅੱਜ ਯਾਨੀ ਕਿ ਵੀਰਵਾਰ ਨੂੰ 50 ਦਿਨ ਹੋ ਗਏ ਹਨ। ਕਿਸਾਨ ਕੜਾਕੇ ਦੀ ਠੰਡ ਦਾ ਸਾਹਮਣਾ ਕਰਦੇ ਹੋਏ ਅੰਦੋਲਨ ਵਾਲੀ ਥਾਂ ’ਤੇ ਡਟੇ ਹੋਏ ਹਨ। ਸਰਕਾਰ ਨਾਲ ਉਨ੍ਹਾਂ ਦੀ 8ਦੌਰ ਦੀ ਗੱਲਬਾਤ ਹੋਈ ਹੈ। ਹਾਲਾਂਕਿ ਇਹ ਬੇਸਿੱਟਾ ਰਹੀਆਂ। ਹੁਣ ਭਲਕੇ 9ਵੇਂ ਦੌਰ ਦੀ ਗੱਲਬਾਤ ਹੋਵੇਗੀ। ਵੇਖਣਾ ਇਹ ਹੋਵੇਗਾ ਕਿ ਕੱਲ੍ਹ ਦੀ ਬੈਠਕ ’ਚ ਕੋਈ ਸਿੱਟਾ ਨਿਕਲਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: SC ਦਾ ਵੱਡਾ ਫ਼ੈਸਲਾ, ਅਗਲੇ ਹੁਕਮਾਂ ਤੱਕ ਖੇਤੀ ਕਾਨੂੰਨਾਂ ’ਤੇ ਲਾਈ ਰੋਕ, ਬਣਾਈ ਕਮੇਟੀ
ਨੋਟ- ਕੀ 9ਵੇਂ ਦੌਰ ਦੀ ਗੱਲਬਾਤ ’ਚ ਵੀ ਨਿਕਲੇਗਾ ਕਿਸਾਨੀ ਮੁੱਦੇ ਦਾ ਹੱਲ, ਕੁਮੈਂਟ ਬਾਕਸ ’ਚ ਦਿਓ ਰਾਏ