7ਵੇਂ ਦੌਰ ਦੀ ਗੱਲਬਾਤ: ਕਿਸਾਨ ਆਗੂਆਂ ਨੇ ਮੰਤਰੀਆਂ ਨਾਲ ਲੰਗਰ ਛਕਣ ਤੋਂ ਕੀਤਾ ਇਨਕਾਰ

Monday, Jan 04, 2021 - 04:51 PM (IST)

7ਵੇਂ ਦੌਰ ਦੀ ਗੱਲਬਾਤ: ਕਿਸਾਨ ਆਗੂਆਂ ਨੇ ਮੰਤਰੀਆਂ ਨਾਲ ਲੰਗਰ ਛਕਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ— ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਅੱਜ ਯਾਨੀ ਕਿ ਸੋਮਵਾਰ ਨੂੰ ਵਿਗਿਆਨ ਭਵਨ ’ਚ 7ਵੇਂ ਦੌਰ ਦੀ ਬੈਠਕ ਹੋ ਰਹੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਐੱਮ. ਐੱਸ. ਪੀ. ’ਤੇ ਗਰੰਟੀ ਕਾਨੂੰਨ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਹੈ। ਕਿਸਾਨ ਅਤੇ ਸਰਕਾਰ ਵਿਚਾਲੇ ਚੱਲ ਰਹੀ ਗੱਲਬਾਤ ਲੰਚ ਬਰੇਕ ਕਰ ਕੇ ਕੁਝ ਦੇਰ ਲਈ ਰੁਕੀ ਗਈ ਹੈ। ਹੁਣ ਤੱਕ ਖੇਤੀ ਕਾਨੂੰਨਾਂ ਨੂੰ ਖਤਮ ਕਰਨ ਦੇ ਏਜੰਡੇ ’ਤੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। 
ਸੂਤਰਾਂ ਮੁਤਾਬਕ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲ ਮੰਤਰੀ ਪਿਊਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਕਿਹਾ ਕਿ ਅੱਜ ਅਸੀਂ ਤੁਹਾਡੇ ਨਾਲ ਲੰਗਰ ਨਹੀਂ ਛਕਾਂਗੇ। ਤੁਸੀਂ ਆਪਣਾ ਖਾਣਾ ਖਾਓ ਅਤੇ ਅਸੀਂ ਆਪਣਾ ਲੰਗਰ ਛਕਾਂਗੇ। 

PunjabKesari

ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ। ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਆਪਣੇ ਪਹਿਲੇ ਰਵੱਈਏ ’ਤੇ ਹੀ ਬਰਕਰਾਰ ਹੈ। ਸਰਕਾਰ ਐੱਮ. ਐੱਸ. ਪੀ. ’ਤੇ ਤਾਂ ਗੱਲ ਕਰਨ ਨੂੰ ਤਿਆਰ ਹੈ ਪਰ ਕਾਨੂੰਨ ਰੱਦ ਕਰਨ ਤੋਂ ਸਾਫ ਇਨਕਾਰ ਕਰ ਰਹੀ ਹੈ। 6ਵੇਂ ਦੌਰ ਦੀ ਬੈਠਕ 30 ਦਸੰਬਰ 2020 ਨੂੰ ਹੋਈ ਸੀ, ਜਿਸ ’ਚ ਪਰਾਲੀ ਦੇ ਮੁੱਦੇ ਅਤੇ ਬਿਜਲੀ ਸੋਧ ਬਿੱਲ ’ਤੇ ਸਹਿਮਤੀ ਬਣੀ ਸੀ। ਇਸ ਬੈਠਕ ’ਚ ਕਿਸਾਨ ਆਗੂਆਂ ਅਤੇ ਮੰਤਰੀਆਂ ਨੇ ਇਕੱਠੇ ਮਿਲ ਕੇ ਲੰਗਰ ਛੱਕਿਆ ਸੀ। 

PunjabKesari

ਦੱਸ ਦੇਈਏ ਕਿ ਪਿਛਲੇ 40 ਦਿਨਾਂ ਤੋਂ ਕਿਸਾਨ ਕੜਾਕੇ ਦੀ ਠੰਡ ਅਤੇ ਮੀਂਹ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ ਹੋਣ ਅਤੇ ਐੱਮ. ਐੱਸ. ਪੀ. ’ਤੇ ਕਾਨੂੰਨੀ ਗਰੰਟੀ ਦਿੱਤੀ ਜਾਵੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News