ਕਿਸਾਨੀ ਘੋਲ ਦਾ 28ਵਾਂ ਦਿਨ, ਸਿੰਘੂ ਸਰਹੱਦ ’ਤੇ ਸ਼ਰਧਾਪੂਰਵਕ ਮਨਾਇਆ ਜਾ ਰਿਹੈ ਸਾਹਿਬਜ਼ਾਦਿਆਂ ਦਾ ‘ਸ਼ਹੀਦੀ ਦਿਹਾੜਾ’

12/23/2020 3:58:47 PM

ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਬੁੱਧਵਾਰ ਨੂੰ 28ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕੇਂਦਰ ਸਰਕਾਰ ਦੇ ਸੱਦੇ ’ਤੇ ਅੱਜ ਇਕ ਵਾਰ ਫਿਰ ਕਿਸਾਨ ਜਥੇਬੰਦੀਆਂ ਮੰਥਨ ਕਰ ਰਹੀਆਂ ਹਨ। ਕੱਲ੍ਹ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ। ਦਿੱਲੀ ਦੇ ਸਿੰਘੂ ਸਰਹੱਦ ’ਤੇ ਡਟੇ ਕਿਸਾਨ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾ ਰਹੇ ਹਨ। ਇਸ ਬਾਬਤ ਸਿੰਘੂ ਸਰਹੱਦ ’ਤੇ ਹੋਈ ਕੱਲ੍ਹ ਦੀ ਬੈਠਕ ’ਚ ਅਹਿਮ ਫ਼ੈਸਲਾ ਲਿਆ ਗਿਆ ਸੀ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਅੱਜ ਕਿਸਾਨ ਦਿਹਾੜਾ ਵੀ ਮਨਾ ਰਹੀਆਂ ਹਨ। ਉਨ੍ਹਾਂ ਵਲੋਂ ਦੇਸ਼ ਵਾਸੀਆਂ ਨੂੰ ਇਕ ਸਮੇਂ ਦਾ ਖਾਣਾ ਛੱਡਣ ਦੀ ਅਪੀਲ ਕੀਤੀ ਗਈ ਹੈ।

ਦੱਸ ਦੇਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਦੀ 11-11 ਮੈਂਬਰੀ ਟੀਮ ਦੀ ਭੁੱਖ-ਹੜਤਾਲ ਤੀਜੇ ਦਿਨ ਵੀ ਜਾਰੀ ਹੈ। ਸਿੰਘੂ ਸਰਹੱਦ ’ਤੇ ਡਟੇ ਕਿਸਾਨਾਂ ਦਾ ਕਹਿਣਾ ਹੈ ਕਿ ਪੋਹ ਦੇ ਮਹੀਨੇ ’ਚ ਸਰਕਾਰ ਨੇ ਦਿੱਲੀ ’ਚ ਕਿਸਾਨ ਬੁਲਾ ਲਏ। ਅਸੀਂ ਪੜ੍ਹੇ-ਲਿਖੇ ਹਾਂ ਅਤੇ ਇਨ੍ਹਾਂ ਖੇਤੀ ਕਾਨੂੰਨਾਂ ਬਾਰੇ ਚੰਗੀ ਤਰ੍ਹਾਂ ਜਾਣੂ ਹਾਂ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਅਸੀਂ ਇੱਥੋਂ ਹਿੱਲਣ ਵਾਲੇ ਨਹੀਂ ਹਾਂ। ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸੋਚਣ ਦੀ ਲੋੜ ਹੈ ਇੱਥੇ ਸਾਰੇ ਸੀਸ ਤਲੀ ’ਤੇ ਰੱਖ ਕੇ ਬੈਠੇ ਹਾਂ। 

ਦੱਸ ਦੇਈਏ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ 26 ਨਵੰਬਰ 2020 ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਸਮਰਥਨ ’ਚ ਕਈ ਸੂਬਿਆਂ ’ਚ ਪ੍ਰਦਰਸ਼ਨ ਹੋ ਰਹੇ ਹਨ। ਉੱਥੇ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਉਮੀਦ ਜਤਾਈ ਕਿ ਨਵੇਂ ਖੇਤੀ ਕਾਨੂੰਨਾਂ ’ਤੇ ਗਤੀਰੋਧ ਨੂੰ ਖ਼ਤਮ ਕਰਨ ਲਈ ਗੱਲਬਾਤ ਛੇਤੀ ਹੀ ਸ਼ੁਰੂ ਹੋਵੇਗੀ। ਸਰਕਾਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਸਾਰੇ ਮੁੱਦਿਆਂ ’ਤੇ ਚਰਚਾ ਜਾਰੀ ਰੱਖਣ ਦੀ ਇੱਛੁਕ ਹੈ। 

ਦਿੱਲੀ ਦੇ ਸਿੰਘੂ ਸਰਹੱਦ ’ਤੇ ਕਿਸਾਨ ਜਥੇਬੰਦੀਆਂ ਦੀ ਅੱਜ ਫਿਰ ਬੈਠਕ ਹੋ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕੱਲ੍ਹ 5 ਮੈਂਬਰੀ ਕਮੇਟੀ ਬਣਾਈ ਹੈ, ਜੋ ਕਿ ਫ਼ੈਸਲਾ ਲੈਣਗੀਆਂ ਕਿ ਸਰਕਾਰ ਨਾਲ ਗੱਲਬਾਤ ਕਰਨੀ ਹੈ ਜਾਂ ਨਹੀਂ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਡਟੇ ਹੋਏ ਹਨ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ’ਤੇ ਅੜੇ ਹੋਏ ਹਨ। ਜਦਕਿ ਸਰਕਾਰ ਕਾਨੂੰਨ ’ਚ ਸੋਧ ਲਈ ਤਿਆਰ ਹੈ। ਕਿਸਾਨ ਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਕਾਨੂੰਨਾਂ ਕਾਰਨ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਖ਼ਤਮ ਹੋ ਜਾਵੇਗੀ ਅਤੇ ਉਨ੍ਹਾਂ ਵੱਡੇ-ਵੱਡੇ ਕਾਰਪੋਰੇਟਾਂ ਦੀ ਰਹਿਮ ’ਤੇ ਨਿਰਭਰ ਰਹਿਣਾ ਪਵੇਗਾ। 


Tanu

Content Editor

Related News