ਕਿਸਾਨ ਅੰਦੋਲਨ ਜਾਰੀ, ਟਿਕਰੀ ਬਾਰਡਰ ’ਤੇ ਮੋਗਾ ਦੇ ਕਿਸਾਨ ਜਨਰੇਟਰ ਲੈ ਕੇ ਪਹੁੰਚੇ
Tuesday, Mar 23, 2021 - 10:42 AM (IST)
ਜੀਂਦ : ਦਿੱਲੀ ਵਿਚ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਅੰਦੋਲਨ ਜਾਰੀ ਹੈ। ਇਸ ਦਰਮਿਆਨ ਦਿਨ ਦਾ ਤਾਪਮਨ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਲਗਾਤਾਰ ਬਿਜਲੀ ਸਪਲਾਈ ਮਿਲਦੀ ਰਹੇ, ਇਸ ਨੂੰ ਦੇਖਦਿਆਂ ਪੰਜਾਬ ਦੇ ਮੋਗਾ ਜ਼ਿਲੇ ਤੋਂ ਕਿਸਾਨ 20 ਕਿਲੋਵਾਟ ਦਾ ਜਨਰੇਟਰ ਲੈ ਕੇ ਟਿਕਰੀ ਬਾਰਡਰ ’ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਵੱਖ-ਵੱਖ ਸੂਬਿਆਂ ਤੋਂ ਕਿਸਾਨ ਸੰਗਠਨਾਂ ਵਲੋਂ ਅੰਦੋਲਨਕਾਰੀ ਕਿਸਾਨਾਂ ਲਈ ਪੱਖੇ, ਕੂਲਰ, ਏ. ਸੀ., ਡੀ. ਟੀ. ਐੱਚ. (ਡਾਇਰੈਕਟ ਟੂ ਹੋਮ ਸਰਵਿਸ) ਭੇਜੇ ਜਾ ਰਹੇ ਹਨ। ਦੂਜੇ ਪਾਸੇ ਕਿਸਾਨ ਹਾੜੀ ਦੇ ਸੀਜ਼ਨ ਨੂੰ ਵੀ ਧਿਆਨ ਵਿਚ ਰੱਖਦੇ ਹੋਏ ਦਿੱਲੀ ਬਾਰਡਰ ’ਤੇ ਵਾਰੀ-ਵਾਰੀ ਨਾਲ ਪਹੁੰਚਣ ਲੱਗੇ ਹਨ।
ਮੋਗਾ ਦੇ ਕਿਸਾਨ ਹਰਨੇਕ ਸਿੰਘ ਨੇ ਦੱਸਿਆ ਕਿ ਦਿੱਲੀ ਬਾਰਡਰ ’ਤੇ ਲਿਜਾਇਆ ਜਾ ਰਿਹਾ ਡੀਜ਼ਲ ਜਨਰੇਟਰ 1.20 ਲੱਖ ਰੁਪਏ ਵਿਚ ਖਰੀਦਿਆ ਗਿਆ ਹੈ ਅਤੇ ਇਸ ਦੇ ਲਈ ਸਮੂਹਿਕ ਤੌਰ ’ਤੇ ਫੰਡ ਇਕੱਠਾ ਕੀਤਾ ਗਿਆ ਸੀ। ਗਰਮੀ ਦੇ ਮੌਸਮ ਨੂੰ ਦੇਖਦਿਆਂ ਲੋੜ ਦੀ ਹਰ ਚੀਜ਼ ਧਰਨੇ ਵਾਲੀ ਥਾਂ ’ਤੇ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ 2024 ਤਕ ਸ਼ਾਂਤਮਈ ਅੰਦੋਲਨ ਚਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਜਾਣ ਕਾਰਣ ਬਾਰਡਰ ’ਤੇ ਬਹੁਤ ਸਾਰੀਆਂ ਸਬਜ਼ੀਆਂ ਤੇ ਦੁੱਧ ਖਰਾਬ ਹੋ ਜਾਂਦਾ ਹੈ, ਜਿਸ ਕਾਰਣ ਕਿਸਾਨਾਂ ਨੇ ਇਹ ਜਨਰੇਟਰ ਖਰੀਦਿਆ ਹੈ। ਇਸ ਤੋਂ ਇਲਾਵਾ ਬਾਰਡਰ ’ਤੇ ਸੁੱਕੇ ਦੁੱਧ ਦੇ ਪੈਕਟ ਅਤੇ ਵਾਟਰ ਫਿਲਟਰ ਸਿਸਟਮ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕਿਸਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ, ਇਹ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ।