26 ਨਵੰਬਰ 2020 ਤੋਂ ਹੁਣ ਤੱਕ ਜਾਣੋ ਕਿਸਾਨ ਅੰਦੋਲਨ ਦੇ ‘100 ਦਿਨ’ ਦਾ ਪੂਰਾ ਘਟਨਾਕ੍ਰਮ, ਤਸਵੀਰਾਂ ਦੀ ਜ਼ੁਬਾਨੀ

Saturday, Mar 06, 2021 - 03:46 PM (IST)

ਵੈੱਬ ਡੈਸਕ— ਮੋਦੀ ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ, ਜਿਨ੍ਹਾਂ ਦੇ ਵਿਰੋਧ ਵਿਚ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਇਹ ਤਿੰਨ ਖੇਤੀ ਕਾਨੂੰਨ ਹਨ— ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਰਲਤਾ) ਬਿੱਲ 2020, ਭਰੋਸੇਮੰਦ ਕੀਮਤ ਅਤੇ ਖੇਤੀਬਾੜੀ ਸੇਵਾਵਾਂ ਬਿੱਲ 2020 ਅਤੇ ਜ਼ਰੂਰੀ ਵਸਤੂਆਂ (ਸੋਧ) ਬਿੱਲ 2020। ਇਨ੍ਹਾਂ ਖੇਤੀ ਕਾਨੂੰਨਾਂ ਦਾ ਕਿਸਾਨ ਇਸ ਲਈ ਵਿਰੋਧ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਮੰਡੀਆਂ ਖ਼ਤਮ ਹੋ ਜਾਣਗੀਆਂ ਅਤੇ ਉਹ ਵੱਡੇ-ਵੱਡੇ ਕਾਰਪੋਰੇਟਾਂ ਦੇ ਰਹਿਮ ’ਤੇ ਨਿਰਭਰ ਹੋ ਜਾਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਤਿੰਨੋਂ ਖੇਤੀ ਕਾਨੂੰਨ ਕਿਸੇ ਵੀ ਹਾਲਤ ਵਿਚ ਸਰਕਾਰ ਨੂੰ ਰੱਦ ਹੀ ਕਰਨੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਗਰੰਟੀ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ।

PunjabKesari

ਕਿਸਾਨਾਂ ਦਾ ਦਿੱਲੀ ਕੂਚ—

ਦੇਸ਼ ਦਾ ਅੰਨਦਾਤਾ 26 ਨਵੰਬਰ ਨੂੰ ਦਿੱਲੀ ਕੂਚ ਕਰ ਗਿਆ, ਇੱਥੇ ਬੋਲ਼ੀ ਅਤੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਕਿਸਾਨਾਂ ਵਲੋਂ ਧਰਨਾ ਪ੍ਰਦਰਸ਼ਨ ਅੱਜ 100ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਬੀਤੇ ਸਾਲ ਜੂਨ ਮਹੀਨੇ ਵਿਚ ਇਹ ਕਾਨੂੰਨ ਪਾਸ ਕੀਤੇ ਗਏ। ਕਿਸਾਨਾਂ ਵਲੋਂ ਇਨ੍ਹਾਂ ਕਾਨੂੰਨਾਂ ਦਾ ਪਹਿਲਾਂ ਪੰਜਾਬ ਵਿਚ ਵੀ ਵਿਰੋਧ ਕੀਤਾ ਗਿਆ, ਜਿੱਥੇ ਉਹ ਧਰਨੇ ਪ੍ਰਦਰਸ਼ਨ ਕਰਦੇ ਰਹੇ। ਜਦੋਂ ਉਨ੍ਹਾਂ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ ਤਾਂ ਕਿਸਾਨਾਂ ਵਲੋਂ ਦਿੱਲੀ ਕੂਚ ਕੀਤਾ ਗਿਆ। ਕੜਾਕੇ ਦੀ ਠੰਡ ਦਰਮਿਆਨ ਕਿਸਾਨ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ’ਤੇ ਡਟੇ ਰਹੇ ਅਤੇ ਡਟੇ ਹੋਏ ਹਨ। ਇਨ੍ਹਾਂ 100 ਦਿਨਾਂ ਵਿਚ 250 ਤੋਂ ਵਧੇਰੇ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਧਰਨਾ ਪ੍ਰਦਰਸ਼ਨ ਵਿਚ ਬੀਬੀਆਂ, ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਹਨ। 

PunjabKesari

100ਵੇਂ ਦਿਨ ’ਚ ਪੁੱਜਾ ਕਿਸਾਨੀ ਘੋਲ—

ਕਿਸਾਨਾਂ ਅਤੇ ਸਰਕਾਰ ਵਿਚਾਲੇ ਇਨ੍ਹਾਂ 100 ਦਿਨਾਂ ਵਿਚਕਾਰ 11 ਦੌਰ ਦੀ ਬੈਠਕ ਹੋ ਚੁੱਕੀ ਹੈ ਪਰ ਸਿੱਟਾ ਕੋਈ ਨਹੀਂ ਨਿਕਲਿਆ। ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ। ਓਧਰ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਖੇਤੀ ਸੁਧਾਰਾਂ ਦੀ ਦਿਸ਼ਾ ’ਚ ਵੱਡਾ ਕਦਮ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਉਨ੍ਹਾਂ ਨੂੰ ਫ਼ਸਲ ਵੇਚਣ ਲਈ ਕਈ ਬਦਲ ਮਿਲਣਗੇ।

PunjabKesari

26 ਜਨਵਰੀ ਮੌਕੇ ਹਿੰਸਾ—

ਗੌਰਤਲਬ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਸ਼ਾਂਤੀਮਈ ਸੰਘਰਸ਼ ਅੱਜ ਵੀ ਜਾਰੀ ਹੈ। 26 ਜਨਵਰੀ 2021 ਨੂੰ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਗਈ, ਜਿਸ ਨੇ ਕਿਸਾਨੀ ਘੋਲ ਦਾ ਪੂਰਾ ਰੁਖ਼ ਹੀ ਮੋੜ ਦਿੱਤਾ। ਸਰਕਾਰ ਅਤੇ ਦਿੱਲੀ ਪੁਲਸ ਨਾਲ ਬਣੀ ਸਹਿਮਤੀ ਮਗਰੋਂ ਕਿਸਾਨਾਂ ਨੂੰ ਇਹ ਪਰੇਡ ਕੱਢਣ ਦੀ ਇਜਾਜ਼ਤ ਮਿਲੀ ਸੀ, ਜਿਸ ’ਤੇ ਪੇਚ ਕਾਫੀ ਸਮੇਂ ਤਕ ਫਸਿਆ ਰਿਹਾ। ਕਿਸਾਨਾਂ ਨੂੰ ਟਰੈਕਟਰ ਪਰੇਡ ਦੀ ਇਜਾਜ਼ਤ ਤਾਂ ਮਿਲੀ ਪਰ ਇਸ ਦੌਰਾਨ ਉਹ ਹੋਇਆ, ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ।

PunjabKesari

ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਕੰਪਲੈਕਸ ਅੰਦਰ ਆਪਣੇ ਟਰੈਕਟਰਾਂ ਨਾਲ ਕੂਚ ਕਰ ਗਏ ਅਤੇ ਉਸ ਥਾਂ ਕੇਸਰੀ ਝੰਡਾ ਲਹਿਰਾ ਦਿੱਤਾ, ਜਿੱਥੇ ਪ੍ਰਧਾਨ ਮੰਤਰੀ 15 ਅਗਸਤ ਨੂੰ ਤਿਰੰਗਾ ਲਹਿਰਾਉਂਦੇ ਹਨ। ਕੁੱਲ ਮਿਲਾ ਕੇ ਕਿਸਾਨ ਅੰਦੋਲਨ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਟਰੈਕਟਰ ਪਰੇਡ ਦੌਰਾਨ ਪੁਲਸ ਅਤੇ ਕਿਸਾਨਾਂ ਵਿਚਾਲੇ ਹਿੰਸਕ ਝੜਪਾਂ ਵੀ ਹੋਈਆਂ। ਇਸ ’ਚ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਜ਼ਖਮੀ ਵੀ ਹੋਏ ਅਤੇ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ।

PunjabKesari

ਕਿਸਾਨੀ ਘੋਲ ਵਿਚ ਨਵੀਂ ਜਾਨ ਫੂਕਣ ਵਾਲੇ ਰਾਕੇਸ਼ ਟਿਕੈਤ—

ਲਾਲ ਕਿਲ੍ਹਾ ਦੀ ਘਟਨਾ ਕਾਰਨ ਪੂਰਾ ਕਿਸਾਨੀ ਸੰਘਰਸ਼ ਮੱਠਾ ਪੈਦਾ ਨਜ਼ਰ ਆਇਆ ਅਤੇ ਕਿਸਾਨਾਂ ਦਾ ਹੌਂਸਲਾ ਵੀ ਟੁੱਟ ਗਿਆ ਜਾਪਿਆ। ਇਸ ਕਿਸਾਨੀ ਘੋਲ ਵਿਚ ਨਵੀਂ ਜਾਨ ਫੂਕਣ ਦਾ ਕੰਮ ਕੀਤਾ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ, ਜੋ ਕਿ ਗਾਜ਼ੀਪੁਰ ਸਰਹੱਦ ’ਤੇ ਡਟੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਕਿਸਾਨ ਘਰ ਵਾਪਸੀ ਨਹੀਂ ਕਰੇਗਾ। ਇਸ ਦੌਰਾਨ ਉਹ ਮੀਡੀਆ ਸਾਹਮਣੇ ਰੋਂਦੇ ਹੋਏ ਵੀ ਨਜ਼ਰ ਆਏ, ਉਨ੍ਹਾਂ ਦੇ ਹੰਝੂਆਂ ਅਤੇ ਭਾਵੁਕ ਅਪੀਲ ਦੀ ਬਦੌਲਤ ਕਿਸਾਨ ਅੰਦੋਲਨ ਮੁੜ ਖੜ੍ਹਾ ਹੋਇਆ।

PunjabKesari

ਵੱਡੀ ਗਿਣਤੀ ਵਿਚ ਕਿਸਾਨ ਅਜੇ ਵੀ ਸਰਹੱਦਾਂ ’ਤੇ ਡਟੇ ਹੋਏ ਹਨ। ਬਸ ਇੰਨਾ ਹੀ ਨਹੀਂ ਸੰਘਰਸ਼ ਵਾਲੀ ਜਗ੍ਹਾ ਦੇ ਨੇੜੇ-ਤੇੜੇ ਕਿੱਲਾਂ ਦਾ ਲਾਉਣਾ ਵੀ ਕਿਸਾਨੀ ਸ਼ੰਘਰਸ਼ ਵਿਚ ਚਰਚਾ ਦਾ ਵਿਸ਼ਾ ਰਿਹਾ। ਕਿਸਾਨਾਂ ਨੂੰ ਰੋਕਣ ਲਈ ਗਾਜ਼ੀਪੁਰ ਅਤੇ ਟਿਕਰੀ ਸਰਹੱਦਾਂ ’ਤੇ ਕਿੱਲਾਂ ਅਤੇ ਬੈਰੀਕੇਡ ਲਾਏ ਗਏ। ਹਾਲਾਂਕਿ ਕਿ ਸਰਕਾਰ ਦੀ ਕਿਰਕਿਰੀ ਮਗਰੋਂ ਕਿੱਲਾਂ ਨੂੰ ਹਟਾ ਲਿਆ ਗਿਆ। 

PunjabKesari

ਨਰਿੰਦਰ ਮੋਦੀ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਚੁੱਪੀ ਤੋੜੀ—

ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਚੁੱਪੀ ਤੋੜੀ, ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਮੱਸਿਆ ਦਾ ਹੱਲ ਸਿਰਫ ਇਕ ਫੋਨ ਕਾਲ ਦੀ ਦੂਰੀ ’ਤੇ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਪ੍ਰਧਾਨ ਮੰਤਰੀ ਮੋਦੀ ਦੇ ਫੋਨ ਕਾਲ ਦੀ ਉਡੀਕ ਕਰਦੇ ਥੱਕ ਗਏ ਹਨ।

PunjabKesari

ਖੇਤੀਬਾੜੀ ਮੰਤਰੀ ਨਰਿੰਦਰ ਤੋਮਰ  ਕਿਸਾਨ ਅੰਦੋਲਨ ਨੂੰ ਲੈ ਕੇ ਅਜਿਹਾ ਬਿਆਨ ਦੇ ਚੁੱਕੇ ਹਨ, ਜੋ ਕਿ ਗਲ਼ ਤੋਂ ਹੇਠਾਂ ਨਹੀਂ ਉਤਰ ਰਿਹਾ। ਤੋਮਰ ਵਲੋਂ ਕਿਹਾ ਗਿਆ ਸੀ ਕਿ ਭੀੜ ਇਕੱਠੀ ਕਰਨ ਦਾ ਮਤਲਬ ਇਹ ਨਹੀਂ ਕਿ ਕਾਨੂੰਨ ਰੱਦ ਹੋ ਜਾਣਗੇ। ਇਸ ਦੇ ਜਵਾਬ ਵਿਚ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਭੀੜ ਦੀ ਬਦੌਲਤ ਸਰਕਾਰਾਂ ਵੀ ਬਦਲ ਜਾਂਦੀਆਂ ਹਨ। ਇੱਥੋਂ ਤੱਕ ਕਿ ਉਹ ਇਹ ਵੀ ਆਖ ਚੁੱਕੇ ਹਨ ਕਿ ਸਰਕਾਰ ਦੀ ਖਾਮੋਸ਼ੀ ਕੁਝ ਵੱਡਾ ਕਰਨ ਦੀ ਤਿਆਰੀ ’ਚ ਹੈ। 

PunjabKesari


Tanu

Content Editor

Related News