ਸਿੰਘੂ ਸਰਹੱਦ ''ਤੇ ਪਹੁੰਚ ਰਹੇ ਕਿਸਾਨਾਂ ਲਈ ਲਾਈਆਂ ਰੋਕਾਂ, ਨੌਜਵਾਨਾਂ ਨੇ ਟਰੈਕਟਰਾਂ ਨਾਲ ਤੋੜੇ ਬੈਰੀਕੇਡ

Tuesday, Dec 15, 2020 - 05:18 PM (IST)

ਸਿੰਘੂ ਸਰਹੱਦ ''ਤੇ ਪਹੁੰਚ ਰਹੇ ਕਿਸਾਨਾਂ ਲਈ ਲਾਈਆਂ ਰੋਕਾਂ, ਨੌਜਵਾਨਾਂ ਨੇ ਟਰੈਕਟਰਾਂ ਨਾਲ ਤੋੜੇ ਬੈਰੀਕੇਡ

ਜਲੰਧਰ (ਵੈੱਬ ਡੈਸਕ): ਪਿਛਲੇ 19 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਰੋਜ਼ਾਨਾ ਅੰਦੋਲਨ 'ਚ ਭਾਗ ਲੈਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਸੈਂਕੜੇ ਲੋਕ ਟਰੈਕਟਰ- ਟਰਾਲੀਆਂ ਲੈ ਕੇ ਅੰਦੋਲਨ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ।ਇੱਕ ਵਾਰ ਫਿਰ ਪ੍ਰਸ਼ਾਸਨ ਵੱਲੋਂ ਅੰਦੋਲਨ ਵਿੱਚ ਜਾ ਰਹੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਸਿੰਘੂ ਸਰਹੱਦ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ।ਇੰਨਾ ਹੀ ਨਹੀਂ ਸਿੰਘੂ ਸਰਹੱਦ 'ਤੇ ਬੈਰੀਕੇਡ ਅਤੇ ਵੱਡੇ ਵੱਡੇ ਪੱਥਰ ਲਗਾਏ ਗਏ। ਇਸ ਸਭ ਨਾਲ ਕਿਸਾਨ ਹੋਰ ਰੋਹ ਵਿੱਚ ਆ ਗਏ ਹਨ।ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੇ ਟਰੈਕਟਰਾਂ ਨਾਲ ਸਿੰਘੂ ਸਰਹੱਦ 'ਤੇ ਲਾਏ ਵੱਡੇ ਵੱਡੇ ਪੱਥਰਾਂ ਨੂੰ ਹਟਾਇਆ। ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਸਿੰਘੂ ਸਰਹੱਦ ਤੋਂ ਅੱਗੇ ਵੱਧ ਰਹੇ ਕਿਸਾਨਾਂ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ:ਅਡਾਨੀ ਅਤੇ ਅੰਬਾਨੀ ਦਾ ਏਕਾਧਿਕਾਰ ਸਰਮਾਏਦਾਰੀ ਬਣਿਆ ਕਿਸਾਨੀ ਘੋਲ ਦਾ ਮੁੱਖ ਮੁੱਦਾ

ਜਗਬਾਣੀ ਨਾਲ ਗੱਲਬਾਤ ਕਰਦਿਆਂ ਇੱਕ ਕਿਸਾਨ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਦੋ ਦਿਨ ਪਹਿਲਾਂ ਹੀ ਕਿਹਾ ਸੀ ਕਿ ਸਾਡੇ ਟਰੈਕਟਰ ਟਰਾਲੀਆਂ ਨੇ ਅੱਗੇ ਵੱਧਣਾ ਹੈ। ਇਨ੍ਹਾਂ ਨੇ ਸਾਡੀ ਇੱਕ ਨਹੀਂ ਸੁਣੀ। ਹੁਣ ਕਿਸਾਨਾਂ ਨੂੰ ਮਿਲਕੇ ਇਹ ਵੱਡੇ ਵੱਡੇ ਪੱਥਰ ਹਟਾਉਣੇ ਪੈ ਰਹੇ ਹਨ।ਅਸੀਂ ਸੋਮਵਾਰ ਰਾਤ ਨੂੰ ਕਾਨਫਰੰਸ ਕਰ ਰਹੇ ਸੀ। ਪ੍ਰਸ਼ਾਸਨ ਵੱਲੋਂ ਉਸ ਵਿੱਚ ਵਿਘਨ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ।ਪੁਲਸ ਵੱਲੋਂ ਰਾਤ ਤੋਂ ਹੀ ਵੱਡੇ ਵੱਡੇ ਪੱਥਰ ਲਾਏ ਜਾ ਰਹੇ ਸਨ।ਇਕ ਹੋਰ ਕਿਸਾਨ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਕਿ ਬੈਰੀਕੇਡ ਚੱਕ ਦਿਓ, ਇਨ੍ਹਾਂ ਨੇ ਨਹੀਂ ਚੁੱਕੇ। ਸਾਨੂੰ ਆਪ ਚੁੱਕਣੇ ਪਏ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਮਸਲੇ ਹੱਲ ਕਰ ਦੇਵੋ, ਨਹੀਂ ਤਾਂ ਇਹ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਕਿਸਾਨਾਂ ਦਾ ਦੋਸ਼- 'ਸਰਕਾਰ MSP ਦੇ ਮੁੱਦੇ 'ਤੇ ਕਰ ਰਹੀ ਹੈ ਗੁੰਮਰਾਹ'

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਅੱਗੇ ਵਧਾਉਂਦਿਆਂ ਕਿਸਾਨਾਂ ਨੇ 25 ਨਵੰਬਰ ਨੂੰ ਦਿੱਲੀ ਵੱਲ ਕੂਚ ਕੀਤਾ ਸੀ। ਉਸ ਸਮੇਂ ਵੀ ਕਿਸਾਨਾਂ ਨੂੰ  ਰੋਕਣ ਲਈ ਅਣਗਿਣਤ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਪਾਣੀ ਦੀਆਂ ਤੋਪਾਂ, ਹਾਈਵੇਅ ਪੁੱਟਣਾ, ਕੰਡਿਆਲੀਆਂ ਤਾਰਾਂ ਸਮੇਤ ਅਣਗਿਣਤ ਹੱਥਕੰਡੇ ਅਪਣਾਏ ਗਏ ਪਰ ਕਿਸਾਨ ਹਰ ਰੁਕਾਵਟ ਨੂੰ ਪਾਰ ਕਰ ਦਿੱਲੀ ਪਹੁੰਚ ਗਏ। ਇੱਕ ਵਾਰ ਫਿਰ ਤੋਂ ਕੱਲ੍ਹ 14 ਦਸੰਬਰ ਨੂੰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਦਿੱਲੀ ਵੱਲ ਵਧਣ ਤੋਂ ਰੋਕਿਆ ਗਿਆ।ਕਿਸਾਨ ਇੱਕ ਵਾਰ ਫਿਰ ਤੋਂ ਸਾਰੇ ਬੈਰੀਕੇਡਾਂ ਨੂੰ ਪਾਸੇ ਹਟਾ ਕੇ ਦਿੱਲੀ ਵੱਲ ਅੱਗੇ ਵੱਧ ਗਏ। ਇਨ੍ਹਾਂ ਪੱਥਰਾਂ ਨੂੰ ਹਟਾਉਣ ਸਮੇਂ ਨੌਜਵਾਨਾਂ ਵਿੱਚ ਭਾਰੀ ਜੋਸ਼ ਸੀ ਅਤੇ ਪੂਰਾ ਇਲਾਕਾ ਜੈਕਾਰਿਆਂ ਨਾਲ ਗੂੰਜ ਉੱਠਿਆ।

ਨੋਟ: ਕੀ ਸਰਕਾਰ ਜਾਣਬੁੱਝ ਕੇ ਅੰਦੋਲਨਕਾਰੀਆਂ ਨੂੰ ਤੰਗ ਕਰ ਰਹੀ ਹੈ,ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News