ਕਿਸਾਨ ਅੰਦੋਲਨ: ਕੜਾਕੇ ਦੀ ਠੰਡ ’ਚ ਡਟੇ ਕਿਸਾਨ, ਗਾਜ਼ੀਪੁਰ ਸਰਹੱਦ ’ਤੇ ਕਿਸਾਨਾਂ ਨੇ ਕੀਤੀ ਅਰਦਾਸ
Sunday, Dec 27, 2020 - 11:01 AM (IST)
ਨਵੀਂ ਦਿੱਲੀ— ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ’ਤੇ ਜਾਰੀ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਐਤਵਾਰ ਯਾਨੀ ਕਿ ਅੱਜ 32ਵੇਂ ਦਿਨ ਵੀ ਜਾਰੀ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਨੇ ਗਾਜ਼ੀਪੁਰ ਸਰਹੱਦ ’ਤੇ ਅਰਦਾਸ ਕੀਤੀ। ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਨੇ ਸ਼ਨੀਵਾਰ ਦੀ ਬੈਠਕ ਵਿਚ ਸਰਕਾਰ ਨਾਲ ਗੱਲਬਾਤ ਦੇ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਹੈ। ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਇਕ ਵਾਰ ਫਿਰ ਤੋਂ ਗੱਲਬਾਤ ਦਾ ਰਾਹ ਸਾਫ਼ ਹੋਇਆ ਹੈ।
ਖੇਤੀ ਮੰਤਰਾਲਾ ਵਲੋਂ ਭੇਜੇ ਗਏ ਗੱਲਬਾਤ ਦੇ ਪ੍ਰਸਤਾਵ ’ਤੇ ਸ਼ਨੀਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਹਾਮੀ ਭਰ ਦਿੱਤੀ ਹੈ। ਕਿਸਾਨ ਆਗੂਆਂ ਨੇ 29 ਦਸੰਬਰ ਸਵੇਰੇ 11 ਵਜੇ ਬੈਠਕ ਦਾ ਪ੍ਰਸਤਾਵ ਭੇਜਦੇ ਹੋਏ ਗੱਲਬਾਤ ਲਈ ਚਾਰ ਮੁੱਖ ਮੰਗਾਂ ਵੀ ਰੱਖੀਆਂ ਹਨ ਅਤੇ ਇਸ ਦਾ ਏਜੰਡਾ ਵੀ ਸਰਕਾਰ ਨੂੰ ਭੇਜਿਆ ਹੈ।
ਕਿਸਾਨ ਜਥੇਬੰਦੀਆਂ ਨੇ ਆਪਣੇ ਅੰਦੋਲਨ ਤੇਜ਼ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਕਿਸਾਨ 30 ਦਸੰਬਰ ਨੂੰ ਸਿੰਘੂ-ਮਾਨੇਸਰ-ਪਲਵਲ (ਕੇ. ਐੱਮ. ਪੀ.) ਸ਼ਾਹਜਹਾਂਪੁਰ ਤੱਕ ਟਰੈਕਟਰ ਮਾਰਚ ਆਯੋਜਿਤ ਕਰਨਗੇ। ਇਸ ਤੋਂ ਇਲਾਵਾ 27 ਅਤੇ 28 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਕਿਸਾਨਾਂ ਨੇ ਨਵਾਂ ਸਾਲ ਮਨਾਉਣ ਲਈ ਦਿੱਲੀ ਅਤੇ ਹਰਿਆਣਾ ਵਾਸੀਆਂ ਨੂੰ ਸੱਦਾ ਦਿੱਤਾ ਹੈ।