ਅੱਜ ਫਿਰ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੇਗੀ ਸਰਕਾਰ, ਸ਼ਾਹ ਨੂੰ ਮਿਲਣਗੇ ਕੈਪਟਨ ਅਮਰਿੰਦਰ

Thursday, Dec 03, 2020 - 10:21 AM (IST)

ਅੱਜ ਫਿਰ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੇਗੀ ਸਰਕਾਰ, ਸ਼ਾਹ ਨੂੰ ਮਿਲਣਗੇ ਕੈਪਟਨ ਅਮਰਿੰਦਰ

ਨੈਸ਼ਨਲ ਡੈਸਕ : ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਣ ਦੇ ਮੂਡ ਵਿਚ ਨਹੀਂ ਵਿੱਖ ਰਹੇ ਹਨ। ਕਿਸਾਨ ਹੁਣ ਵੀ ਦਿੱਲੀ-ਹਰਿਆਣਾ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ। ਉਥੇ ਹੀ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਅੱਜ ਇਕ ਵਾਰ ਫਿਰ ਤੋਂ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਹੋਵੇਗੀ। ਸਾਰਿਆਂ ਦੀਆਂ ਨਜ਼ਰਾਂ ਅੱਜ ਫਿਰ ਹੋਣ ਵਾਲੀ ਗੱਲਬਾਤ 'ਤੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਹੋਈ ਸੀ ਪਰ ਇਹ ਬੇਨਤੀਜਾ ਰਹੀ ਸੀ। ਕਿਸਾਨਾਂ ਦੇ ਅੰਦੋਲਨ ਦਾ ਅੱਜ 8ਵਾਂ ਦਿਨ ਹੈ।  ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ।

ਅਮਿਤ ਸ਼ਾਹ ਨੂੰ ਮਿਲਣਗੇ ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਵਿਰੋਧ 'ਤੇ ਨੇਤਾਵਾਂ ਨਾਲ ਅੱਜ ਕੇਂਦਰ ਦੀ ਅਗਲੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ। ਸੂਤਰਾਂ ਮੁਤਾਬਕ ਕੈਪਟਨ ਗਤੀਰੋਧ ਦਾ ਹੱਲ ਲੱਭਣ ਲਈ ਦਿੱਲੀ ਵਿਚ ਸ਼ਾਹ ਨਾਲ ਚਰਚਾ ਕਰਣਗੇ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀ ਹੈ ਅਤੇ ਪੰਜਾਬ ਵਿਧਾਨ ਸਭਾ ਨੇ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਬੇਅਸਰ ਬਣਾਉਣ ਲਈ ਬਿੱਲ ਵੀ ਪਾਸ ਕੀਤੇ ਹਨ। ਉਂਝ ਸਿੰਘ ਨੇ ਕਿਹਾ ਸੀ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਸਾਰਿਆਂ ਦੇ ਸਾਮੂਹਕ ਹਿੱਤ ਵਿਚ ਕੇਂਦਰ ਅਤੇ ਕਿਸਾਨਾਂ ਵਿਚਾਲੇ ਵਿਚੋਲਗੀ ਲਈ ਤਿਆਰ ਹੈ।

ਇਹ ਵੀ ਪੜ੍ਹੋ : ਦਸੰਬਰ ਤਿਮਾਹੀ 'ਚ ਭਾਰਤ 'ਚ ਵਿਕਣਗੇ 10 ਲੱਖ ਆਈਫੋਨ!

ਕਿਸਾਨਾਂ ਦੀ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ
ਅੰਦੋਲਨ ਕਰ ਰਹੇ ਕਿਸਾਨਾਂ ਨੇ ਮੰਗ ਕੀਤੀ ਕਿ ਕੇਂਦਰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਮੁਅੱਤਲ ਕਰਣ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦੇ ਅਤੇ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਰਾਸ਼ਟਰੀ ਰਾਜਧਾਨੀ ਦੀਆਂ ਹੋਰ ਸੜਕਾਂ ਨੂੰ ਰੋਕ ਦਿੱਤਾ ਜਾਵੇਗਾ। ਆਪਣੇ 'ਦਿੱਲੀ ਚਲੋ' ਮਾਰਚ ਦੇ ਤਹਿਤ ਕਿਸਾਨ ਆਪਣੀਆਂ ਮੰਗਾਂ 'ਤੇ ਦਬਾਅ ਬਣਾਉਣ ਲਈ ਰਾਸ਼ਟਰੀ ਰਾਜਧਾਨੀ ਦੇ 4 ਰੁੱਝੇ ਸਰਹੱਦੀ ਮਾਰਗਾਂ 'ਤੇ ਪ੍ਰਦਰਸਨ ਕਰ ਰਹੇ ਹਨ। ਇਨ੍ਹਾਂ ਸਥਾਨਾਂ 'ਤੇ ਪੁਲਿਸ ਦਾ ਭਾਰੀ ਬੰਦੋਬਸਤ ਕੀਤਾ ਗਿਆ ਹੈ। ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ 35 ਕਿਸਾਨ ਸੰਗਠਨਾਂ ਦੇ ਨੇਤਾਵਾਂ ਨੇ ਸਿੰਘੂ ਬਾਰਡਰ 'ਤੇ ਬੈਠਕ ਕੀਤੀ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਹਿੱਸਾ ਲਿਆ। ਕ੍ਰਾਂਤੀਵਾਦੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਪਾਲ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਮੁਅੱਤਲ ਕਰਣ ਲਈ ਕੇਂਦਰ ਨੂੰ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਣਾ ਚਾਹੀਦਾ ਹੈ। ਅਸੀਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਤੱਕ ਆਪਣਾ ਅੰਦੋਲਨ ਜਾਰੀ ਰਖਾਂਗੇ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਪਹਿਲਵਾਨ ਬਜਰੰਗ ਪੂਨੀਆ ਅਤੇ ਬਬੀਤਾ ਫੋਗਾਟ ਸਮੇਤ ਇਹ ਦਿੱਗਜ ਖਿਡਾਰੀ

ਕਿਸਾਨਾਂ ਦੇ ਸਮਰਥਨ ਵਿਚ AIMTC
ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨਕਾਰੀਆਂ ਦੀ ਵੱਧਦੀ ਗਿਣਤੀ ਦੌਰਾਨ ਟਰਾਂਸਪੋਰਟਰਾਂ ਦੇ ਸਿਖਰ ਸੰਗਠਨ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (AIMTC) ਨੇ ਅੰਦੋਲਨਕਾਰੀ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਉੱਤਰ ਭਾਰਤ ਵਿਚ 8 ਦਸੰਬਰ ਤੋਂ ਆਵਾਜਾਈ ਬੰਦ ਕਰਣ ਦੀ ਧਮਕੀ ਦਿੱਤੀ। AIMTC ਲਗਭਗ 95 ਲੱਖ ਟਰੱਕ ਡਰਾਇਵਰਾਂ ਅਤੇ ਹੋਰ ਸੰਸਥਾਵਾਂ ਦੀ ਨੁਮਾਇੰਦਗੀ ਕਰਣ ਦਾ ਦਾਅਵਾ ਕਰਦੀ ਹੈ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਵਨਡੇ 'ਚ ਬਣਾਈਆਂ ਸਭ ਤੋਂ ਤੇਜ਼ 12,000 ਦੌੜਾਂ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ

ਨੋਟ : ਅੱਜ ਫਿਰ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੇਗੀ ਸਰਕਾਰ, ਕੀ ਨਿਕਲੇਗਾ ਸਿੱਟਾ। ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।


author

cherry

Content Editor

Related News