ਕਿਸਾਨੀ ਘੋਲ: ‘ਬਜ਼ੁਰਗ ਕਿਸਾਨਾਂ ਲਈ ਮੁਫ਼ਤ ਈ-ਰਿਕਸ਼ਾ ਸੇਵਾ, ਵਿਦੇਸ਼ਾਂ ਤੋਂ ਵੀ ਪਹੁੰਚ ਰਹੇ ਹਨ ਪਰਿਵਾਰ’

01/23/2021 12:36:38 PM

ਚੰਡੀਗੜ੍ਹ/ਨਵੀਂ ਦਿੱਲੀ (ਅਵਿਨਾਸ਼ ਪਾਂਡੇ)– ਸਿੰਘੂ ਬਾਰਡਰ ’ਤੇ ਕੜਾਕੇ ਦੀ ਠੰਡ ਵਿਚ ਅੰਦੋਲਨ ’ਤੇ ਬੈਠੇ ਕਿਸਾਨਾਂ ਨੂੰ ਖਾਣ-ਪੀਣ ਦੇ ਨਾਲ ਹੀ ਹੁਣ ਮੁਫ਼ਤ ਵਾਹਨ ਸਹੂਲਤ ਵੀ ਮਿਲ ਰਹੀ ਹੈ। ਕਰੀਬ 10 ਕਿਲੋਮੀਟਰ ਦੀ ਦੂਰੀ ਤੱਕ ਫੈਲੇ ਇਸ ਅੰਦੋਲਨ ਵਿਚ ਇਕ ਥਾਂ ਤੋਂ ਦੂਜੀ ਥਾਂ ਤੱਕ ਜਾਣ ਲਈ ਹੁਣ ਈ-ਰਿਕਸ਼ਾ ਸਹਾਰਾ ਬਣਿਆ ਹੋਇਆ ਹੈ। ਦੱਸਿਆ ਗਿਆ ਕਿ ਪੰਜਾਬ ਤੋਂ ਕਰੀਬ 15 ਈ-ਰਿਕਸ਼ਾ ਬਾਰਡਰ ’ਤੇ ਲਿਆਂਦੇ ਗਏ ਹਨ ਜੋ ਅੰਦੋਲਨ ਵਾਲੀ ਥਾਂ ਦੇ ਸ਼ੁਰੂਆਤੀ ਪੁਆਇੰਟ ਤੋਂ ਲੈ ਕੇ ਕੁੰਡਲੀ ਬਾਰਡਰ ਤੱਕ ਕਿਸਾਨਾਂ ਨੂੰ ਪਹੁੰਚਾ ਰਹੇ ਹਨ।

PunjabKesari

ਈ-ਰਿਕਸ਼ਾ ਦਾ ਸਭ ਤੋਂ ਜ਼ਿਆਦਾ ਲਾਭ ਬਜ਼ੁਰਗ, ਔਰਤਾਂ ਅਤੇ ਬੱਚਿਆਂ ਨੂੰ ਮਿਲ ਰਿਹਾ ਹੈ। ਈ-ਰਿਕਸ਼ਾ ਚਲਾਉਣ ਵਾਲਿਆਂ ਦੀ ਮੰਨੀਏ ਤਾਂ ਇਹ ਵੀ ਲੰਗਰ ਦੀ ਤਰ੍ਹਾਂ ਇਕ ਸੇਵਾ ਹੈ, ਜੋ ਕਿਸਾਨਾਂ ਲਈ ਕੀਤੀ ਜਾ ਰਹੀ ਹੈ। ਈ-ਰਿਕਸ਼ਾ ਸੇਵਾ ਵਿਚ ਲੱਗੇ ਲੋਕਾਂ ਦਾ ਕਹਿਣਾ ਹੈ ਕਿ ਉਹ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਸੇਵਾ ਦੇ ਕੰਮਾਂ ਵਿਚ ਲੱਗੇ ਹੋਏ ਹਨ ਅਤੇ ਆਪਣੇ ਬਜੁਰਗਾਂ ਦਾ ਖਿਆਲ ਵੀ ਰੱਖ ਰਹੇ ਹਨ।

PunjabKesari

‘ਅਰਦਾਸ ਲਈ ਨਾ ਮੰਦਰ ਅਤੇ ਗੁਰਦੁਆਰੇ ਦੀ ਜ਼ਰੂਰਤ’
52 ਸਾਲਾ ਹਰਜੀਤ ਸਿੰਘ ਅਤੇ ਭੋਲੇ ਦਾ ਕਹਿਣਾ ਹੈ ਕਿ ਸਵੇਰੇ 4 ਵਜੇ ਨਹਾ ਕੇ ਸਭ ਤੋਂ ਪਹਿਲਾਂ ਅਰਦਾਸ ਕਰ ਕੇ ਲੋਕਾਂ ਦੀ ਤੰਦਰੁਸਤੀ ਲਈ ਕਾਮਨਾ ਕਰਦੇ ਹਨ। ਸ਼ਾਮ ਦੇ ਸਮੇਂ ਰਹਿਰਾਸ ਦਾ ਪਾਠ ਕਰ ਕੇ ਸਰਬਤ ਦਾ ਭਲਾ ਮੰਗਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਰਦਾਸ ਲਈ ਮੰਦਰ ਜਾਂ ਗੁਰਦੁਆਰੇ ਦੀ ਜ਼ਰੂਰਤ ਨਹੀਂ ਹੁੰਦੀ। ਜਦੋਂ ਇਨਸਾਨ ਸੱਚੇ ਮਨ ਨਾਲ ਕਿਤੇ ਵੀ ਬੈਠ ਕੇ ਜਾਪ ਕਰਦਾ ਹੈ ਤਾਂ ਉਹ ਸਥਾਨ ਵੀ ਤੀਰਥ ਹੀ ਬਣ ਜਾਂਦਾ ਹੈ।

PunjabKesari

‘ਕੈਨੇਡਾ ਤੋਂ ਆਈਆਂ ਔਰਤਾਂ ਨੇ ਅੰਦੋਲਨ ਦੇ ਸਮਰਥਨ ਵਿਚ ਭਰੀ ਗੂੰਜ’
ਕਿਸਾਨ ਅੰਦੋਲਨ ਦੀ ਗੂੰਜ 7 ਸਮੁੰਦਰ ਪਾਰ ਬੈਠੇ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਸੁਣਾਈ ਦੇ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਮਾਨਸਾ ਨਿਵਾਸੀ ਇਕ ਕਿਸਾਨ ਦਾ ਪਰਿਵਾਰ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਦੇਖਣ ਲਈ ਪਹੁੰਚਿਆ। ਕੈਨੇਡਾ ਤੋਂ ਆਈਆਂ ਔਰਤਾਂ ਨੇ ਕਿਹਾ ਕਿ ਉਹ ਰੋਜ਼ ਮੀਡੀਆ ਵਿਚ ਆ ਰਹੀਆਂ ਖਬਰਾਂ ਤੋਂ ਅੰਦੋਲਨ ਬਾਰੇ ਜਾਣਕਾਰੀ ਲੈ ਰਹੀਆਂ ਸਨ ਪਰ ਉਨ੍ਹਾਂ ਨੂੰ ਇਥੇ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਕੇਂਦਰ ਸਰਕਾਰ ਨੂੰ ਹੁਣ ਬਿਨਾਂ ਦੇਰ ਕੀਤੇ ਤਿੰਨੇ ਖੇਤੀ ਕਾਨੂੰਨ ਵਾਪਿਸ ਲੈ ਲੈਣੇ ਚਾਹੀਦੇ ਹਨ।

PunjabKesari

‘ਟੀ. ਵੀ. ਦੀ ਸਹੂਲਤ ਨਾਲ ਟਰਾਲੀ ਵਿਚ ਬਣਿਆ ਬੈੱਡਰੂਮ’
ਬਾਰਡਰ ’ਤੇ ਉਂਝ ਤਾਂ ਟੈਂਟ ਵਿਚ ਰਹਿਣ ਵਾਲਿਆਂ ਦੀ ਭਰਮਾਰ ਹੈ ਪਰ ਜਗ੍ਹਾ ਦੀ ਘਾਟ ਦੇ ਚਲਦੇ ਹੁਣ ਲੋਕਾਂ ਨੇ ਟਰਾਲੀ ਨੂੰ ਹੀ ਬੈੱਡਰੂਮ ਬਣਾ ਲਿਆ ਹੈ। ਖਾਸ ਗੱਲ ਇਹ ਹੈ ਕਿ ਟਰਾਲੀ ਵਿਚ ਟੀ. ਵੀ. ਨਾਲ ਡਿਸ਼ ਵੀ ਲਾਈ ਗਈ ਹੈ, ਜਿਥੇ ਜ਼ਰੂਰੀ ਖਬਰਾਂ ਦੇ ਨਾਲ-ਨਾਲ ਬੱਚੇ ਕਾਰਟੂਨ ਵੀ ਵੇਖਦੇ ਹਨ। ਪੰਜਾਬ ਦੇ ਲੁਧਿਆਣਾ ਨਿਵਾਸੀ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ 22 ਦਿਨਾਂ ਤੋਂ ਅੰਦੋਲਨ ਵਿਚ ਆਏ ਹਨ ਪਰ ਟੀ. ਵੀ. ਨਾ ਹੋਣ ਦੇ ਚਲਦੇ ਉਨ੍ਹਾਂ ਨੂੰ ਮੁਸ਼ਕਿਲ ਹੋ ਰਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਪਰਿਵਾਰ ਨਾਲ ਔਰਤਾਂ ਅਤੇ ਬੱਚੇ ਵੀ ਬਾਰਡਰ ’ਤੇ ਆਏ ਤਾਂ ਉਨ੍ਹਾਂ ਦੀ ਜ਼ਿੱਦ ’ਤੇ ਅਸਥਾਈ ਤੌਰ ’ਤੇ ਡਿਸ਼ ਲਾ ਕੇ ਟਰਾਲੀ ਵਿਚ ਹੀ ਬਿਹਤਰ ਬੈੱਡਰੂਮ ਤਿਆਰ ਕੀਤਾ ਗਿਆ। ਟੀ. ਵੀ. ਲੱਗਣ ਤੋਂ ਬਾਅਦ ਹੁਣ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਹੋ ਰਹੀ ਹੈ ਅਤੇ ਉਹ ਦਿਨ ਭਰ ਕਾਰਟੂਨ ਵੇਖਕੇ ਆਨੰਦ ਲੈ ਰਹੇ ਹਨ।

PunjabKesari

‘ਬਚਪਨ ਤੋਂ ਹੀ ਮਿਲੀ ਲੰਗਰ ਵਿਚ ਸੇਵਾ ਦੀ ਪ੍ਰੇਰਣਾ’
ਦਿੱਲੀ ਬਾਰਡਰ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਚਲ ਰਹੇ ਕਿਸਾਨਾਂ ਦੇ ਅੰਦੋਲਨ ਵਿਚ ਦਿਨ-ਰਾਤ ਲੰਗਰ ਸੇਵਾ ਚੱਲ ਰਹੀ ਹੈ। ਲੰਗਰ ਵਿਚ ਸੇਵਾ ਕਰਨ ਲਈ ਸੇਵਾਦਾਰਾਂ ਦੀ ਟੀਮ ਦਿਨੋਂ-ਦਿਨ ਵੱਧ ਰਹੀ ਹੈ। ਸਿੰਘੂ ਬਾਰਡਰ ’ਤੇ ਹੁਣ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਦੀ ਭਾਰੀ ਗਿਣਤੀ ਨਜ਼ਰ ਆ ਰਹੀ ਹੈ। ਪੰਜਾਬ-ਹਰਿਆਣਾ ਤੋਂ ਇਲਾਵਾ ਦਿੱਲੀ ਦੇ ਕਈ ਪਰਿਵਾਰਾਂ ਦੀਆਂ ਔਰਤਾਂ ਹਰ ਰੋਜ਼ ਸੇਵਾ ਲਈ ਅੰਦੋਲਨ ਵਾਲੀ ਥਾਂ ’ਤੇ ਆਉਂਦੀਆਂ ਹਨ ਅਤੇ ਸ਼ਾਮ ਨੂੰ ਵਾਪਿਸ ਚਲੀਆਂ ਜਾਂਦੀਆਂ ਹਨ। ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੰਗਰ ਵਿਚ ਸੇਵਾ ਕਰਨ ਲਈ ਬਚਪਨ ਤੋਂ ਹੀ ਪ੍ਰੇਰਣਾ ਮਿਲੀ ਹੋਈ ਹੈ, ਜਿਸ ਲਈ ਉਹ ਹਰ ਸਮੇਂ ਤਿਆਰ ਰਹਿੰਦੀਆਂ ਹਨ। ਲੰਗਰ ਵਿਚ ਸੇਵਾ ਕਰਨ ਵਾਲੀਆਂ ਔਰਤਾਂ ਦੀ ਮੰਨੀਏ ਤਾਂ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੈ ਅਤੇ ਜਦੋਂ ਤੱਕ ਇਹ ਅੰਦੋਲਨ ਚੱਲੇਗਾ ਤੱਦ ਤੱਕ ਉਹ ਇਸੇ ਤਰ੍ਹਾਂ ਸੇਵਾ ਕਰਦੀਆਂ ਰਹਿਣਗੀਆਂ।


Tanu

Content Editor

Related News