ਇਕ ਬੂਟੇ ''ਚ ਉਗਾ ਰਹੇ ਬੈਂਗਣ ਅਤੇ ਟਮਾਟਰ, ਕਿਸਾਨ ਨੇ ਅਪਣਾਈ ਇਹ ਅਨੋਖੀ ਤਕਨੀਕ

12/25/2023 12:37:20 PM

ਭੋਪਾਲ- ਸਬਜ਼ੀ ਦਾ ਸੁਆਦ ਵਧਾਉਣ ਲਈ ਬੈਂਗਣਾਂ ਨਾਲ ਟਮਾਟਰ ਮਿਲਾਉਣ ਦਾ ਕੰਮ ਰਸੋਈ ਵਿਚ ਹੁੰਦਾ ਰਿਹਾ ਹੈ। ਪਰ ਭੋਪਾਲ ਦੇ ਕਿਸਾਨ ਇਕ ਹੀ ਬੂਟੇ 'ਚ ਬੈਂਗਣ ਅਤੇ ਟਮਾਟਰ ਉਗਾ ਰਹੇ ਹਨ। ਉਨ੍ਹਾਂ ਨੇ ਗ੍ਰਾਫਟਿੰਗ ਦੀ ਤਕਨੀਕ ਅਪਣਾ ਕੇ ਅਜਿਹਾ ਕੀਤਾ ਹੈ। ਖਾਸ ਗੱਲ ਇਹ ਹੈ ਕਿ ਜਿਸ ਬੂਟੇ ਤੋਂ ਇਹ ਦੋਵੇਂ ਸਬਜ਼ੀਆਂ ਇਕੱਠੀਆਂ ਉਗਾਈਆਂ ਜਾ ਰਹੀਆਂ ਹਨ, ਉਸ ਦੀ ਜੜ੍ਹ ਜੰਗਲੀ ਬੂਟੇ ਦੀ ਹੈ। ਜੜ੍ਹ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਮਿਸ਼ਰੀਲਾਲ ਨੇ ਖੇਤੀ ਵਿਗਿਆਨੀਆਂ ਦੇ ਮਾਰਗਦਰਸ਼ਨ ਹੇਠ ਲੰਮੇ ਸਮੇਂ ਤੱਕ ਪ੍ਰਯੋਗ ਕਰਨ ਤੋਂ ਬਾਅਦ ਇਸ ਤਕਨੀਕ 'ਚ ਸਫ਼ਲਤਾ ਹਾਸਲ ਕੀਤੀ ਹੈ।

ਭੋਪਾਲ ਦੇ ਖਜੂਰੀਕਲਾਂ ਦੇ ਕਿਸਾਨ ਮਿਸ਼ਰੀਲਾਲ ਰਾਜਪੂਤ ਜੋ ਕਿ ਕਾਲੀ ਕਣਕ, ਨੀਲੇ ਆਲੂ ਅਤੇ ਲਾਲ ਰੰਗ ਦੀਆਂ ਭਿੰਡੀਆਂ ਉਗਾ ਕੇ ਸੁਰਖੀਆਂ 'ਚ ਰਹੇ ਹਨ। ਇਕ ਵਾਰ ਫਿਰ ਉਹ ਸੁਰਖੀਆਂ ਵਿਚ ਹਨ। ਇਸ ਵਾਰ ਉਨ੍ਹਾਂ ਆਪਣੇ ਖੇਤ 'ਚ ਇਕੋ ਬੂਟੇ ਤੋਂ ਟਮਾਟਰ ਅਤੇ ਬੈਂਗਣ ਉਗਾਉਣੇ ਸ਼ੁਰੂ ਕਰ ਦਿੱਤੇ ਹਨ। ਸੀਜ਼ਨ ਦੇ ਹਿਸਾਬ ਨਾਲ ਬੈਂਗਣ ਵੀ ਮੰਡੀ ਵਿਚ ਵਿਕਣ ਲਈ ਜਾਣ ਲੱਗੇ ਹਨ। ਟਮਾਟਰ ਦੇ ਫੁੱਲ ਲਾਉਣ ਦੇ ਨਾਲ-ਨਾਲ ਛੋਟੇ-ਛੋਟੇ ਫਲ ਲੱਗਣ ਲੱਗ ਪਏ ਹਨ। ਸਫਲ ਤਜਰਬੇ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਖੇਤ ਵਿਚ ਇਕੋ ਬੂਟੇ ਤੋਂ ਸ਼ਿਮਲਾ ਮਿਰਚ ਅਤੇ ਹੋਰ ਕਿਸਮਾਂ ਦੀਆਂ ਫ਼ਸਲਾਂ ਉਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।


ਇਸ ਤਰ੍ਹਾਂ ਕੀਤੀ ਜਾਂਦੀ ਹੈ ਗ੍ਰਾਫਟਿੰਗ

ਮਿਸ਼ਰੀਲਾਲ ਨੇ ਦੱਸਿਆ ਕਿ ਇਸ ਪ੍ਰਯੋਗ ਲਈ ਬੈਂਗਣ ਦੀਆਂ ਜੰਗਲੀ ਕਿਸਮਾਂ ਦੇ ਬੂਟਿਆਂ ਦੀ ਚੋਣ ਕੀਤੀ ਜਾਂਦੀ ਹੈ। ਟਮਾਟਰ ਅਤੇ ਬੈਂਗਣ ਦੇ ਬੂਟੇ ਵੱਖਰੇ ਤੌਰ 'ਤੇ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਟਮਾਟਰ ਅਤੇ ਬੈਂਗਣ ਦੇ ਬੂਟਿਆਂ ਨੂੰ ਗ੍ਰਾਫਟਿੰਗ ਕਰ ਕੇ ਜੰਗਲੀ ਬੂਟੇ ਦੇ ਤਣੇ ਨਾਲ ਜੋੜਿਆ ਜਾਂਦਾ ਹੈ। ਸਫਲ ਗ੍ਰਾਫਟਿੰਗ ਕਰਨ 'ਤੇ ਟਮਾਟਰ ਅਤੇ ਬੈਂਗਣ ਦੇ ਮੂਲ ਬੂਟੇ ਦੀਆਂ ਜੜ੍ਹਾਂ ਨੂੰ ਵੱਖ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਟਮਾਟਰ ਅਤੇ ਬੈਂਗਣ ਦੇ ਬੂਟਿਆਂ ਨੂੰ ਜੰਗਲੀ ਕਿਸਮ ਦੇ ਬੂਟਿਆਂ ਦੀਆਂ ਜੜ੍ਹਾਂ ਤੋਂ ਪੋਸ਼ਣ ਮਿਲਣਾ ਸ਼ੁਰੂ ਹੋ ਜਾਂਦਾ ਹੈ।
 


Tanu

Content Editor

Related News