ਖੇਤੀ ਆਰਡੀਨੈਂਸਾਂ ਖ਼ਿਲਾਫ ਕਿਸਾਨਾਂ ਦੀ ਸਿਲਸਿਲੇਵਾਰ ਭੁੱਖ ਹੜਤਾਲ ਸ਼ੁਰੂ

09/17/2020 6:14:32 PM

ਹਿਸਾਰ— ਹਰਿਆਣਾ ਦੇ ਹਿਸਾਰ ਵਿਚ ਕੇਂਦਰ ਸਰਕਾਰ ਦੇ ਤਿੰਨ ਖੇਤੀ ਆਰਡੀਨੈਂਸਾਂ ਖ਼ਿਲਾਫ਼ ਭਾਰਤੀ ਕਿਸਾਨਾਂ ਸੰਘਰਸ਼ ਕਮੇਟੀ ਦੇ ਬੈਨਰ ਹੇਠ ਚੱਲ ਰਹੇ ਧਰਨੇ ’ਤੇ ਕਿਸਾਨਾਂ ਨੇ ਅੱਜ ਤੋਂ ਸਿਲਸਿਲੇਵਾਰ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ। ਧਰਨਾ ਇੱਥੇ ਨਵੀਂ ਅਨਾਜ ਮੰਡੀ ਵਿਚ ਚੱਲ ਰਿਹਾ ਹੈ। ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਬਬਲੂ ਖਰੜ ਨੇ ਦੱਸਿਆ ਕਿ ਸਿਲਸਿਲੇਵਾਰ ਭੁੱਖ ਹੜਤਾਲ ਦੇ ਪਹਿਲੇ 10 ਕਿਸਾਨ ਭੁੱਖ ਹੜਤਾਲ ’ਤੇ ਬੈਠੇ ਹਨ। ਧਰਨੇ ਦੇ ਬੁਲਾਰਿਆਂ ਨੇ 10 ਸਤੰਬਰ ਨੂੰ ਪਿਪਲੀ ਰੈਲੀ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੀ ਵੀ ਨਿੰਦਾ ਕੀਤੀ ਹੈ।

ਕਮੇਟੀ ਦੇ ਯੁਵਾ ਪ੍ਰਦੇਸ਼ ਪ੍ਰਧਾਨ ਜੋਗੇਂਦਰ ਮਯੜ ਨੇ ਕਿਹਾ ਕਿ ਕੀ ਸਿਰਫ ਸਿਆਸੀ ਪਾਰਟੀਆਂ ਨੂੰ ਹੀ ਰੈਲੀ ਕਰਨ ਦਾ ਅਧਿਕਾਰ ਹੈ, ਕੀ ਕਿਸਾਨ ਰੈਲੀ ਦੇ ਜ਼ਰੀਏ ਆਪਣੀ ਆਵਾਜ਼ ਨਹੀਂ ਚੁੱਕ ਸਕਦਾ? ਇਸ ਦਰਮਿਆਨ ਅਨਾਜ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਗਰਗ, ਵਪਾਰ ਮੰਡਲ ਦੇ ਪ੍ਰਦੇਸ਼ ਬੁਲਾਰੇ ਰਾਮ ਅਵਤਾਰ ਤਾਯਲ, ਬਜਰੰਗ ਗਰਗ, ਰਾਜੀਵ ਡਾਬੜਾ ਆਦਿ ਧਰਨੇ ਵਾਲੀ ਥਾਂ ’ਤੇ ਆਏ ਅਤੇ ਹਰ ਸੰਭਵ ਸਹਿਯੋਗ ਅਤੇ ਸਮਰਥਨ ਦੇਣ ਦਾ ਵਾਅਦਾ ਕੀਤਾ। 

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ 3 ਖੇਤੀ ਆਰਡੀਨੈਂਸਾਂ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕਿਸਾਨ ਸੜਕਾਂ ’ਤੇ ਉਤਰੇ ਹੋਏ ਹਨ। ਸੰਸਦ ਤੋਂ ਲੈ ਕੇ ਸੜਕ ਤੱਕ ਇਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਵੇਂ ਖੇਤੀ ਸੁਧਾਰ ਲਾਗੂ ਹੋਣ ਨਾਲ ਉਨ੍ਹਾਂ ਦੀ ਫ਼ਸਲ ਦੀ ਉਪਜ ’ਤੇ ਪ੍ਰਾਈਵੇਟ ਕੰਪਨੀਆਂ ਦਾ ਕਬਜ਼ਾ ਹੋ ਜਾਵੇਗਾ। ਖੇਤੀ ਨਾਲ ਜੁੜੇ ਇਹ ਤਿੰਨ ਬਿੱਲ ਹਨ— ਖੇਤੀ ਉਪਜ ਵਪਾਰ ਅਤੇ ਵਣਜ ਬਿੱਲ, ਜ਼ਰੂਰੀ ਵਸਤੂਆਂ (ਸੋਧ) ਬਿੱਲ, ਕੀਮਤ ਦਾ ਭਰੋਸਾ ਅਤੇ ਖੇਤੀਬਾੜੀ ਸੇਵਾਵਾਂ ’ਤੇ ਕਿਸਾਨ ਸਮਝੌਤਾ ਬਿੱਲ।


Tanu

Content Editor

Related News