ਹਿਮਾਚਲ ''ਚ ਕਿਸਾਨਾਂ ਨੂੰ ਸਬਜ਼ੀਆਂ ਦੀ ਨਹੀਂ ਮਿਲ ਰਹੀ ਵਾਜਬ ਕੀਮਤ, ਇਨ੍ਹਾਂ ਫਸਲਾਂ ਵੱਲ ਵਧਿਆ ਰੁਝਾਨ

06/10/2020 5:14:29 PM

ਸ਼ਿਮਲਾ (ਵਾਰਤਾ)— ਕੋਰੋਨਾ ਦੀ ਆਫਤ ਦਰਮਿਆਨ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੂੰ ਨਕਦੀ ਫਸਲਾਂ ਦੇ ਵਾਜਬ ਕੀਮਤ ਨਾ ਮਿਲਣ 'ਤੇ ਸ਼ਿਮਲਾ ਜ਼ਿਲੇ ਵਿਚ ਕਿਸਾਨਾਂ ਦਾ ਰੁਝਾਨ ਰਿਵਾਇਤੀ ਫਸਲਾਂ ਵੱਲ ਵੱਧਣ ਲੱਗਾ ਹੈ। ਇਸ ਸਾਲ ਜ਼ਿਲੇ ਵਿਚ ਕਿਸਾਨਾਂ ਨੇ ਮੱਕੀ ਦੀ ਰਿਕਾਰਡ ਬਿਜਾਈ ਕੀਤੀ ਹੈ, ਤਾਂ ਕਿ ਸਾਰਾ ਸਾਲ ਅੰਨ ਖਰੀਦਣ ਦੀ ਨੌਬਤ ਨਾ ਆਵੇ। ਖੇਤੀਬਾੜੀ ਮਹਿਕਮੇ ਮੁਤਾਬਕ ਇਸ ਸਾਲ ਜ਼ਿਲੇ ਦੇ ਕਿਸਾਨਾਂ ਨੂੰ ਮੱਕੀ ਦਾ 300 ਕੁਇੰਟਲ ਉੱਨਤ ਕਿਸਮਾਂ ਦਾ ਬੀਜ ਸਬਸਿਡੀ 'ਤੇ ਉਪਲੱਬਧ ਕਰਵਾਇਆ ਗਿਆ ਹੈ, ਜਿਸ ਵਿਚ ਮੱਕੀ ਦੀਆਂ ਕਿਸਮਾਂ ਬੀ-52, 5992, ਕੇ-25 ਗੋਲਡ ਅਤੇ ਬਾਇਓ-9220 ਸ਼ਾਮਲ ਹਨ। ਜਿਸਦੀ ਪੁਸ਼ਟੀ ਡਿਪਟੀ ਡਾਇਰੈਕਟਰ ਖੇਤੀਬਾੜੀ ਸ਼ਿਮਲਾ ਡਾ. ਮੋਹਿੰਦਰ ਭਵਾਨੀ ਨੇ ਅੱਜ ਭਾਵ ਬੁੱਧਵਾਰ ਨੂੰ ਕੀਤੀ।

PunjabKesari

ਮੋਹਿੰਦਰ ਭਵਾਨੀ ਨੇ ਦੱਸਿਆ ਕਿ ਕਿਸਾਨਾਂ ਨੂੰ ਮੱਕੀ ਦਾ ਬੀਜ 45 ਰੁਪਏ ਪ੍ਰਤੀ ਕਿਲੋਗ੍ਰਾਮ ਸਬਸਿਡੀ 'ਤੇ ਉਪਲੱਬਧ ਕਰਵਾਇਆ ਗਿਆ ਹੈ ਅਤੇ ਜ਼ਿਲ੍ਹੇ 'ਚ ਕਰੀਬ 70 ਫੀਸਦੀ ਤੋਂ ਵਧੇਰੇ ਕਿਸਾਨਾਂ ਨੇ ਮੱਕੀ ਦੀ ਬਿਜਾਈ ਪੂਰੀ ਕਰ ਲਈ ਹੈ। ਇਸ ਸਾਲ ਕਰੀਬ 35 ਹਜ਼ਾਰ ਕੁਇੰਟਲ ਮੱਕੀ ਦਾ ਉਤਪਾਦਨ ਹੋਣ ਦੀ ਉਮੀਦ ਹੈ, ਜੋ ਪਿਛਲੇ ਸਾਲਾਂ ਦੀ ਤੁਲਨਾ ਵਿਚ ਵਧੇਰੇ ਹੈ। 

ਦੱਸਣਯੋਗ ਹੈ ਕਿ ਸੋਲਨ ਤੋਂ ਬਾਅਦ ਸ਼ਿਮਲਾ ਜ਼ਿਲੇ ਦੇ ਹੇਠਲੇ ਇਲਾਕਿਆਂ ਵਿਚ ਬੇਮੌਸਮੀ ਸਬਜ਼ੀਆਂ ਦਾ ਸਭ ਤੋਂ ਵਧੇਰੇ ਉਤਪਾਦਨ ਹੁੰਦਾ ਹੈ ਪਰ ਤਾਲਾਬੰਦੀ ਕਾਰਨ ਇਸ ਸਾਲ ਕਿਸਾਨਾਂ ਨੂੰ ਮਟਰ ਅਤੇ ਗੋਭੀ ਦੀਆਂ ਸਹੀ ਕੀਮਤਾਂ ਨਹੀਂ ਮਿਲ ਸਕੀਆਂ। ਮਾਰਕੀਟਿੰਗ ਦੀ ਵਿਵਸਥਾ ਨਾ ਹੋਣ ਕਾਰਨ ਫੁੱਲ ਵੀ ਖੇਤਾਂ 'ਚ ਹੀ ਸੜ ਗਏ ਅਤੇ ਨੇੜਲੇ ਭਵਿੱਖ 'ਚ ਕਿਸਾਨਾਂ ਨੂੰ ਟਮਾਟਰ, ਸ਼ਿਮਲਾ ਮਿਰਚ ਆਦਿ ਸਬਜ਼ੀਆਂ ਦੀਆਂ ਉੱਚਿਤ ਕੀਮਤਾਂ ਮਿਲਣ ਦੀ ਉਮੀਦ ਨਹੀਂ ਹੈ। ਪਿਛਲੇ ਕਾਫੀ ਸਾਲਾਂ ਤੋਂ ਇਸ ਖੇਤਰ ਵਿਚ ਰਿਵਾਇਤੀ ਫਸਲਾਂ ਦੀ ਥਾਂ ਬੇਮੌਸਮੀ ਸਬਜ਼ੀਆਂ ਦਾ ਰੁਝਾਨ ਕਾਫੀ ਹੋ ਗਿਆ ਸੀ ਅਤੇ ਕਿਸਾਨਾਂ ਵਲੋਂ ਰਿਵਾਇਤੀ ਫਸਲਾਂ ਉਗਾਉਣੀਆਂ ਬੰਦ ਕਰ ਦਿੱਤੀਆਂ ਗਈਆਂ ਸਨ।


Tanu

Content Editor

Related News