ਕਿਸਾਨ ਅੰਦੋਲਨ: SC ਵਲੋਂ ਗਠਿਤ ਕਮੇਟੀ ਦੇ 3 ਮੈਂਬਰਾਂ ਨੇ ਕੀਤਾ ਮੰਥਨ, ਕਿਸਾਨਾਂ ਨੂੰ ਕੀਤੀ ਅਪੀਲ

Tuesday, Jan 19, 2021 - 03:04 PM (IST)

ਕਿਸਾਨ ਅੰਦੋਲਨ: SC ਵਲੋਂ ਗਠਿਤ ਕਮੇਟੀ ਦੇ 3 ਮੈਂਬਰਾਂ ਨੇ ਕੀਤਾ ਮੰਥਨ, ਕਿਸਾਨਾਂ ਨੂੰ ਕੀਤੀ ਅਪੀਲ

ਨਵੀਂ ਦਿੱਲੀ– ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਦੀ ਅੱਜ ਪਹਿਲੀ ਬੈਠਕ ਹੋਈ ਹੈ। ਇਹ ਬੈਠਕ ਦਿੱਲੀ ਦੇ ਪੂਸਾ ਕੈਂਪਸ ’ਚ ਹੋਈ। ਇਸ ਬੈਠਕ ’ਚ ਕਮੇਟੀ ਦੇ ਤਿੰਨ ਮੈਂਬਰ- ਅਸ਼ੋਕ ਗੁਲਾਟੀ, ਪ੍ਰਮੋਦ ਕੁਮਾਰ ਜੋਸ਼ੀ ਅਤੇ ਅਨਿਲ ਘਨਵਟ ਸ਼ਾਮਲ ਹੋਏ। ਇਨ੍ਹਾਂ ਤਿੰਨਾਂ ਮੈਂਬਰਾਂ ’ਤੇ ਆਪਸ ’ਚ ਮੰਥਨ ਕੀਤਾ ਅਤੇ ਹੋਰ ਕਿਸਾਨ ਜਥੇਬੰਦੀਆਂ ਨੂੰ ਕਮੇਟੀ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ। ਅਨਿਲ ਘਨਵਟ ਨੇ ਕਿਹਾ ਕਿ ਸੁਪਰੀਮ ਕੋਰਟ ਦੁਆਰਾ ਗਠਿਤ ਕਮੇਟੀ ਤਿੰਨ ਨਵੇਂ ਖੇਤੀ ਕਾਨੂੰਨਾਂ, ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਸਾਰੇ ਪੱਖਾਂ ਦੇ ਵਿਚਾਰ ਜਾਣੇਗੀ। ਉਨ੍ਹਾਂ ਅੱਗੇ ਕਿਹਾ ਕਿ ਕਮੇਟੀ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕਿਸਾਨਾਂ ਨੂੰ ਸਾਡੇ ਨਾਲ ਗੱਲ ਲਈ ਰਾਜ਼ੀ ਕਰਨਾ ਹੈ, ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ। ਅਨਿਲ ਨੇ ਅੱਗੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਮੇਟੀ ਸਾਹਮਣੇ ਪੇਸ਼ ਹੋਣ ਅਤੇ ਚਰਚਾ ਕਰਨ। ਕਮੇਟੀ ਦੀ ਅਗਲੀ ਬੈਠਕ 21 ਜਨਵਰੀ ਨੂੰ ਸਵੇਰੇ 11 ਵਜੇ ਦਿੱਲੀ ਦੇ ਪੂਸਾ ਕੈਂਪਸ ’ਚ ਹੀ ਹੋਵੇਗੀ। 

ਇਹ ਵੀ ਪੜ੍ਹੋ– ‘ਇਹ ਲੋਕ ਭੁੱਲ ਕੇ ਵੀ ਨਾ ਲਗਵਾਉਣ ਕੋਰੋਨਾ ਦਾ ਟੀਕਾ’, ਭਾਰਤ ਬਾਇਓਟੈੱਕ ਨੇ ਜਾਰੀ ਕੀਤੀ ਫੈਕਟਸ਼ੀਟ

ਸੁਪਰੀਮ ਕੋਰਟ ਦੁਆਰਾ ਗਠਿਤ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਖੇਤੀ ਕਾਨੂੰਨ ਦੇ ਮਸਲੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ 21 ਜਨਵਰੀ ਨੂੰ ਕਮੇਟੀ ਕਿਸਾਨਾਂ ਦੇ ਵੱਖ-ਵੱਖ ਸੰਗਠਨਾਂ ਨਾਲ ਮੁਲਾਕਾਤ ਕਰੇਗੀ। ਅਨਿਲ ਘਨਵਟ ਨੇ ਕਿਹਾ ਕਿ ਜੋ ਕਿਸਾਨ ਜਥੇਬੰਦੀਆਂ ਸਿੱਧੀ ਮੁਲਾਕਾਤ ਕਰ ਸਕਦੀਆਂ ਹਨ ਉਨ੍ਹਾਂ ਨਾਲ ਸਿੱਧੀ ਬੈਠਕ ਹੋਵੇਗੀ ਪਰ ਜੋ ਜਥੇਬੰਦੀਆਂ ਸਿੱਧੇ ਨਹੀਂ ਮਿਲ ਸਕਦੀਆਂ ਉਨ੍ਹਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਹੋਵੇਗੀ। ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਲੈ ਕੇ ਹਰ ਪੱਖ ਦੀ ਗੱਲ ਸੁਣਨਗੇ, ਜੋ ਕਾਨੂੰਨ ਦੇ ਵਿਰੋਧ ’ਚ ਹੈ ਅਤੇ ਜੋ ਪੱਖ ’ਚ ਹੈ, ਸਾਰਿਆਂ ਦੀ ਗੱਲ ਸੁਣੀ ਜਾਵੇਗੀ। ਕਮੇਟੀ ਮੈਂਬਰਾਂ ਨੇ 2 ਮਹੀਨਿਆਂ ਤਕ ਖੇਤੀ ਸੁਪਰੀਮ ਕੋਰਟ ਨੂੰ ਇਸ ਮਾਮਲੇ ਦੀ ਰਿਪੋਰਟ ਸੌਂਪਣੀ ਹੈ। ਅਨਿਲ ਘਨਵਟ ਨੇ ਕਿਹਾ ਕਿ ਕਮੇਟੀ ਦੇ ਮੈਂਬਰ ਸੁਪਰੀਮ ਕੋਰਟ ਨੂੰ ਸੌਂਪੀ ਜਾਣ ਵਾਲੀ ਰਿਪੋਰਟ ਤਿਆਰ ਕਰਦੇ ਸਮੇਂ ਖੇਤੀ ਕਾਨੂੰਨਾਂ ’ਤੇ ਆਪਣੇ ਨਿੱਜੀ ਵਿਚਾਰਾਂ ਨੂੰ ਇਕ ਪਾਸੇ ਰੱਖਣਗੇ। 

ਇਹ ਵੀ ਪੜ੍ਹੋ– 26 ਜਨਵਰੀ ਤਕ ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, 15 ਮ੍ਰਿਤਕ ਕਾਵਾਂ ’ਚ ਹੋਈ ਬਰਡ ਫਲੂ ਦੀ ਪੁਸ਼ਟੀ

ਦੱਸ ਦੇਈਏ ਕਿ ਸੁਪਰੀਮ ਵਲੋਂ ਗਠਿਤ ਕਮੇਟੀ ਦੇ ਚੌਥੇ ਮੈਂਬਰ ਭੂਪਿੰਦਰ ਸਿੰਘ ਮਾਨ ਜੋ ਕਿ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਹਨ, ਪਹਿਲਾਂ ਹੀ ਆਪਣੇ ਆਪ ਨੂੰ ਕਮੇਟੀ ਤੋਂ ਵੱਖ ਕਰ ਚੁੱਕੇ ਹਨ।

ਇਹ ਵੀ ਪੜ੍ਹੋ– ਕਿਸਾਨ ਅੰਦੋਲਨ: ਸੁਪਰੀਮ ਕੋਰਟ ਵਲੋਂ ਗਠਿਤ 4 ਮੈਂਬਰੀ ਕਮੇਟੀ ’ਚੋਂ ਵੱਖ ਹੋਏ ਭੁਪਿੰਦਰ ਸਿੰਘ ਮਾਨ

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਹਾਲ ਹੀ ’ਚ ਸੁਣਵਾਈ ਦੌਰਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ’ਤੇ ਅਗਲੇ ਹੁਕਮਾਂ ਤਕ ਰੋਕ ਲਗਾਈ ਹੋਈ ਹੈ ਅਤੇ ਇਸ ਕਮੇਟੀ ਦਾ ਗਠਨ ਕੀਤਾ ਗਿਆ। ਅੱਜ ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਦੇ ਮੈਂਬਰਾਂ ਨੇ ਆਪਸ ’ਚ ਵਿਚਾਰ ਚਰਚਾ ਕੀਤੀ। ਦੱਸ ਦੇਈਏ ਕਿ ਪਿਛਲੇ 55 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਡਟੇ ਹੋਏ ਹਨ। ਕਿਸਾਨ ਤਿੰਨਾਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ’ਤੇ ਅੜੇ ਹੋਏ ਹਨ ਜਦਕਿ ਸਰਕਾਰ ਸਾਫ ਕਹਿ ਚੁੱਕੀ ਹੈ ਕਿ ਅਸੀਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਾਂਗੇ। ਦੱਸ ਦੇਈਏ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ 10ਵੇਂ ਗੇੜ ਦੀ ਬੈਠਕ ਭਲਕੇ ਹੋਵੇਗੀ। 


author

Rakesh

Content Editor

Related News