...ਜਦੋਂ ਰਾਜ ਸਭਾ ਤੋਂ ਵਿਦਾਈ ''ਤੇ ਸਦਨ ''ਚ ਹੀ ਰੋ ਪਏ ਸੰਸਦ ਮੈਂਬਰ
Wednesday, Jul 24, 2019 - 03:37 PM (IST)

ਨਵੀਂ ਦਿੱਲੀ (ਭਾਸ਼ਾ)— ਰਾਜ ਸਭਾ 'ਚ ਬੁੱਧਵਾਰ ਯਾਨੀ ਕਿ ਅੱਜ ਭਾਕਪਾ ਦੇ ਡੀ. ਰਾਜਾ ਅਤੇ ਅੰਨਾਦਰਮੁਕ ਦੇ ਵਾਸੂਦੇਵਨ ਮੈਤ੍ਰੇਯਨ ਸਮੇਤ 5 ਮੈਂਬਰਾਂ ਦਾ ਕਾਰਜਕਾਲ ਪੂਰਾ ਹੋਣ 'ਤੇ ਵਿਦਾਈ ਦਿੱਤੀ ਗਈ। ਰਾਜ ਸਭਾ 'ਚ ਭਾਸ਼ਣ ਦੌਰਾਨ ਇਕ ਮੈਂਬਰ ਭਾਵੁਕ ਹੋ ਗਏ। ਅੰਨਾਦਰਮੁਕ ਸੰਸਦ ਮੈਂਬਰ ਵਾਸੂਦੇਵਨ ਮੈਤ੍ਰੇਯਨ ਆਪਣੇ ਭਾਸ਼ਣ ਦੌਰਾਨ ਭਾਵੁਕ ਹੋ ਗਏ ਅਤੇ ਆਪਣੇ ਹੰਝੂ ਨਹੀਂ ਰੋਕ ਸਕੇ। ਉਨ੍ਹਾਂ ਨੇ ਸਦਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਦਿਹਾਂਤ 'ਤੇ ਸਦਨ ਵਿਚ ਸੋਗ ਨਾ ਜਤਾਇਆ ਜਾਵੇ। ਜਦੋਂ ਮੈਤ੍ਰੇਯਨ ਆਪਣਾ ਵਿਦਾਈ ਭਾਸ਼ਣ ਦੇਣ ਲਈ ਸਦਨ ਵਿਚ ਖੜ੍ਹੇ ਹੋਏ ਤਾਂ ਕਾਰਜਕਾਲ ਬਾਰੇ ਉਨ੍ਹਾਂ ਨੇ ਗੱਲ ਕੀਤੀ। ਵਾਸੂਦੇਵਨ ਮੈਤ੍ਰੇਯਨ ਨੇ ਕਿਹਾ ਕਿ ਸਦਨ ਵਿਚ 14 ਸਾਲ ਤੋਂ ਵਧੇਰੇ ਦਾ ਸਫਰ ਅੱਜ ਖਤਮ ਹੋ ਰਿਹਾ ਹੈ। ਇੰਨਾ ਕਹਿੰਦੇ ਹੋਏ ਉਹ ਭਾਵੁਕ ਹੋ ਗਏ ਅਤੇ ਸਦਨ ਵਿਚ ਹੀ ਰੋ ਪਏ।
ਇਸ ਦੌਰਾਨ ਉਨ੍ਹਾਂ ਨੇ ਕਈ ਸਾਥੀਆਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵਿਦਾ ਲੈਂਦੇ ਹੋਏ ਆਪਣੇ ਖਾਸ ਮਿੱਤਰ ਅਰੁਣ ਜੇਤਲੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਜ਼ਾਹਰ ਕਰਦੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ 2009 'ਚ ਸ਼੍ਰੀਲੰਕਾ ਵਿਚ ਕਈ ਤਮਿਲ ਲੋਕਾਂ ਦੀ ਮੌਤ ਹੋਈ ਤਾਂ ਰਾਜ ਸਭਾ ਵਿਚ ਸੋਗ ਨਹੀਂ ਜਤਾਇਆ ਗਿਆ ਸੀ, ਜਿਸ ਤੋਂ ਮੈਨੂੰ ਕਾਫੀ ਤਕਲੀਫ ਪੁੱਜੀ ਸੀ। ਇਸ ਲਈ ਮੈਂ ਸਦਨ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਮਰਨ 'ਤੇ ਵੀ ਸਦਨ ਵਿਚ ਕੋਈ ਸੋਗ ਪ੍ਰਸਤਾਵ ਨਾ ਲਿਆਂਦਾ ਜਾਵੇ। ਇੱਥੇ ਦੱਸ ਦੇਈਏ ਕਿ ਰਾਜ ਸਭਾ ਤੋਂ ਕੁੱਲ 5 ਸੰਸਦ ਮੈਂਬਰਾਂ ਦੇ ਕਾਰਜਕਾਲ ਦਾ ਆਖਰੀ ਦਿਨ ਸੀ। ਇਨ੍ਹਾਂ 'ਚ ਡੀ. ਰਾਜਾ, ਮੈਤ੍ਰੇਯਨ, ਕੇ. ਆਰ. ਅਰਜੁਨ, ਆਰ. ਲਕਸ਼ਮਣ, ਟੀ. ਰਤਨਵੇਲ ਸ਼ਾਮਲ ਹਨ।