ਕਿਰਾਏ ਪਿੱਛੇ ਕੈਬ ਡਰਾਈਵਰ ਦਾ ਜਨਾਨੀ ਨਾਲ ਪੈ ਗਿਆ ਪੰਗਾ ! ਅੱਕੇ ਮੁੰਡੇ ਨੇ ਗੱਡੀ 'ਚ ਹੀ ਕਰ'ਤੀ ਲਾਕ

Wednesday, Oct 28, 2026 - 02:54 PM (IST)

ਕਿਰਾਏ ਪਿੱਛੇ ਕੈਬ ਡਰਾਈਵਰ ਦਾ ਜਨਾਨੀ ਨਾਲ ਪੈ ਗਿਆ ਪੰਗਾ ! ਅੱਕੇ ਮੁੰਡੇ ਨੇ ਗੱਡੀ 'ਚ ਹੀ ਕਰ'ਤੀ ਲਾਕ

ਗੁਰੂਗ੍ਰਾਮ (ਏਜੰਸੀ)- ਦਿੱਲੀ ਏਅਰਪੋਰਟ ਤੋਂ ਉਬਰ ਦੀ ਕੈਬ 'ਚ ਗੁਰੂਗ੍ਰਾਮ ਸਥਿਤ ਆਪਣੇ ਘਰ ਜਾ ਰਹੀ ਇਕ ਔਰਤ ਨੇ ਦੋਸ਼ ਲਗਾਇਆ ਹੈ ਕਿ ਐਪ 'ਤੇ ਦਿਖਾਏ ਗਏ ਕਿਰਾਏ ਤੋਂ ਵੱਧ ਭੁਗਤਾਨ ਕਰਨ ਤੋਂ ਇਨਕਾਰ ਕਰਨ 'ਤੇ ਡਰਾਈਵਰ ਨੇ ਉਸ ਨਾਲ ਬਦਸਲੂਕੀ ਕੀਤਾ ਅਤੇ ਉਸ ਨੂੰ ਕਾਰ 'ਚ ਬੰਦ ਕਰ ਦਿੱਤਾ। ਔਰਤ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਆਪਣੀ ਆਪਬੀਤੀ ਸੁਣਾਈ, ਜਿਸ ਤੋਂ ਬਾਅਦ ਕਈ ਲੋਕਾਂ ਨੇ ਔਰਤਾਂ ਦੀ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕੀਤੀ ਅਤੇ ਪੁਲਸ ਨੇ ਵੀ ਕਥਿਤ ਘਟਨਾ ਦਾ ਨੋਟਿਸ ਲਿਆ।

ਔਰਤ ਦੇ ਅਨੁਸਾਰ, ਇਹ ਘਟਨਾ ਸਵੇਰੇ 4:45 ਵਜੇ ਦੇ ਕਰੀਬ ਵਾਪਰੀ, ਜਦੋਂ ਉਹ ਦਿੱਲੀ ਏਅਰਪੋਰਟ 'ਤੇ ਪਹੁੰਚੀ ਸੀ ਅਤੇ ਉਸ ਨੇ ਉੱਥੋਂ ਗੁਰੂਗ੍ਰਾਮ ਸਥਿਤ ਆਪਣੇ ਘਰ ਜਾਣ ਲਈ ਉਬਰ ਐਪ ਰਾਹੀਂ ਕੈਬ ਬੁੱਕ ਕੀਤੀ ਸੀ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਕਿਰਾਇਆ ਲਗਭਗ 625 ਦਿਖਾਇਆ ਗਿਆ ਸੀ। ਹਾਲਾਂਕਿ, ਯਾਤਰਾ ਖਤਮ ਹੋਣ ਤੋਂ ਬਾਅਦ ਡਰਾਈਵਰ ਨੇ ਉਸ ਨੂੰ ਰੈਪਿਡੋ ਐਪ ਦਾ ਸਕ੍ਰੀਨਸ਼ਾਟ ਦਿਖਾਇਆ, ਜਿਸ 'ਚ ਕਿਰਾਇਆ 1,479 ਰੁਪਏ ਸੀ। ਫਿਰ ਡਰਾਈਵਰ ਨੇ ਔਰਤ ਤੋਂ ਉਹੀ ਰਕਮ ਅਦਾ ਕਰਨ ਦੀ ਮੰਗ ਕੀਤੀ। ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਔਰਤ ਨੇ ਡਰਾਈਵਰ ਨੂੰ ਦੱਸਿਆ ਕਿ ਸਕ੍ਰੀਨਸ਼ਾਟ ਰੈਪਿਡੋ ਦਾ ਹੈ, ਉਬਰ ਦਾ ਨਹੀਂ। ਇਸ ਦੇ ਬਾਵਜੂਦ ਡਰਾਈਵਰ ਇਸ ਗੱਲ 'ਤੇ ਅੜਿਆ ਰਿਹਾ ਕਿ ਔਰਤ ਇਸ ਮਾਰਗ ਲਈ ਰੈਪਿਡੋ 'ਤੇ ਦਿਖਾਏ ਗਏ ਕਿਰਾਏ ਦੇ ਬਰਾਬਰ ਹੀ ਰਕਮ ਦੇਵੇ।

ਔਰਤ ਨੇ ਉਸ ਨੂੰ ਦੱਸਿਆ ਕਿ ਉਹ ਪਹਿਲਾਂ ਹੀ 625 ਰੁਪਏ ਦਾ ਭੁਗਤਾਨ ਕਰ ਚੁੱਕੀ ਹੈ। ਆਪਣੀ ਪੋਸਟ 'ਚ ਔਰਤ ਨੇ ਕਿਹਾ,"ਫਿਰ ਡਰਾਈਵਰ ਨੇ ਕਾਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਕਿਹਾ ਕਿ ਜਦੋਂ ਤੱਕ ਮੈਂ 1,479 ਰੁਪਏ ਨਹੀਂ ਦੇਵਾਂਗੀ, ਉਹ ਮੈਨੂੰ ਆਪਣਾ ਸਾਮਾਨ ਨਹੀਂ ਲੈਣ ਦੇਵੇਗਾ। ਜਦੋਂ ਮੈਂ ਆਪਣਾ ਸਾਮਾਨ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਮੇਰੀ ਬਾਂਹ ਫੜ ਲਈ ਅਤੇ ਮੈਨੂੰ ਅਜਿਹਾ ਕਰਨ ਤੋਂ ਰੋਕਣ ਲਈ ਅਗਲੀ ਸੀਟ ਦੀ ਖਿੜਕੀ ਬੰਦ ਕਰ ਦਿੱਤੀ।" ਉਸ ਨੇ ਅੱਗੇ ਕਿਹਾ,"ਮੈਂ ਆਖਰਕਾਰ ਆਪਣਾ ਸਾਮਾਨ ਬਾਹਰ ਕੱਢਣ 'ਚ ਕਾਮਯਾਬ ਹੋ ਗਈ ਅਤੇ ਘਰ ਦੇ ਅੰਦਰ ਜਾਣ ਲੱਗੀ। ਹਾਲਾਂਕਿ, ਡਰਾਈਵਰ ਮੇਰੇ ਪਿੱਛੇ ਆਇਆ ਅਤੇ ਮੇਰੇ ਲਈ ਅਪਸ਼ਬਦ ਦਾ ਇਸਤੇਮਾਲ ਕਰਨ ਲੱਗਾ। ਉਹ ਇੱਥੇ ਹੀ ਨਹੀਂ ਰੁਕਿਆ, ਸਗੋਂ ਮੇਰੇ ਘਰ ਦੇ ਗੇਟ 'ਤੇ ਚੜ੍ਹਨ ਲੱਗਾ ਅਤੇ ਮੈਨੂੰ ਧਮਕੀ ਵੀ ਦਿੱਤੀ।"

ਔਰਤ ਨੇ ਆਪਣੀ ਪੋਸਟ 'ਚ ਉਬਰ ਦੀ ਸਹਾਇਤਾ ਸੇਵਾ ਨੂੰ ਵੀ ਟੈਗ ਕੀਤਾ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਸ ਨੇ ਕੰਪਨੀ ਨੂੰ ਯਾਤਰਾ ਅਤੇ ਡਰਾਈਵਰ ਨਾਲ ਸਬੰਧਤ ਰਿਕਾਰਡ ਸੁਰੱਖਿਅਤ ਰੱਖਣ ਦੀ ਵੀ ਅਪੀਲ ਕੀਤੀ। ਔਰਤ ਵੱਲੋਂ ਇਸ ਪੋਸਟ ਨੂੰ ਸਾਂਝਾ ਕਰਨ ਤੋਂ ਬਾਅਦ, ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਨੇ ਉਬਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਉਬਰ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ, "ਇਹ ਘਟਨਾ ਬਹੁਤ ਹੀ ਚਿੰਤਾਜਨਕ ਹੈ ਅਤੇ ਉਬਰ ਪਲੇਟਫਾਰਮ 'ਤੇ ਅਜਿਹੇ ਵਿਵਹਾਰ ਲਈ ਕੋਈ ਜਗ੍ਹਾ ਨਹੀਂ ਹੈ। ਇਹ ਵਿਵਹਾਰ ਸਾਡੇ ਭਾਈਚਾਰਕ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ ਅਤੇ ਅਸੀਂ ਡਰਾਈਵਰ ਦੀ ਉਬਰ ਐਪ ਤੱਕ ਪਹੁੰਚ ਬੰਦ ਕਰ ਦਿੱਤੀ ਹੈ।''

ਕੰਪਨੀ ਨੇ ਅੱਗੇ ਕਿਹਾ,"ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨੂੰ ਕਿਸੇ ਵੀ ਜਾਣਕਾਰੀ ਦੀ ਲੋੜ ਪੈਣ 'ਤੇ ਅਸੀਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹਾਂ।" ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਸ ਔਰਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਨੇ ਅੱਗੇ ਕਿਹਾ,"ਸਾਨੂੰ ਅਜੇ ਤੱਕ ਔਰਤ ਤੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਅਸੀਂ ਉਸ ਦੀ ਸੋਸ਼ਲ ਮੀਡੀਆ ਪੋਸਟ ਦਾ ਨੋਟਿਸ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਾਂ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News