ਬੰਦ ਹੋਣ ਵਾਲਾ ਹੈ ਨਾਮੀਂ ਕੋਚਿੰਗ ਸੈਂਟਰ! ਮਾਪਿਆਂ ਨੂੰ ਸਤਾ ਰਿਹਾ ਲੱਖਾਂ ਰੁਪਏ ਡੱਬਣ ਦਾ ਡਰ
Thursday, Jan 16, 2025 - 07:00 PM (IST)
ਨੈਸ਼ਨਲ ਡੈਸਕ- ਆਪਣੇ ਬੱਚੇ ਨੂੰ ਆਈ.ਆਈ.ਟੀ. ਵਿੱਚ ਪੜ੍ਹਾ ਕੇ ਇੰਜੀਨੀਅਰ ਬਣਾਉਣ ਦਾ ਸੁਪਨਾ ਦੇਖਣ ਵਾਲੇ ਸੈਂਕੜੇ ਮਾਪਿਆਂ ਨੂੰ ਚਿੰਤਾ ਸਤਾਉਣ ਲੱਗੀ ਹੈ। ਆਰ.ਡੀ.ਸੀ. ਰਾਜਨਗਰ ਗਾਜ਼ੀਆਬਾਦ ਦੇ ਫਿਟਜੀ ਵਿਰੁੱਧ ਰਜਿਸਟ੍ਰੇਸ਼ਨ ਤੋਂ ਬਿਨਾਂ ਕੋਚਿੰਗ ਚਲਾਉਣ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਧੋਖਾ ਦੇਣ ਤੇ ਗੁੰਮਰਾਹ ਕਰਨ, ਫੀਸਾਂ ਇਕੱਠੀਆਂ ਕਰਨ ਅਤੇ ਲੱਖਾਂ ਰੁਪਏ ਦੀ ਐਡਵਾਂਸ ਫੀਸ ਵਸੂਲਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਮਾਪਿਆਂ ਦੀ ਚਿੰਤਾ ਹੋਰ ਵੱਧ ਗਈ ਹੈ।
ਮਾਪਿਆਂ ਦਾ ਕਹਿਣਾ ਹੈ ਕਿ 21 ਜਨਵਰੀ ਨੂੰ ਹੀ ਜੇਈਈ ਮੇਨਜ਼ ਦੀ ਪ੍ਰੀਖਿਆ ਹੈ ਅਤੇ ਬੱਚੇ ਹੁਣ ਕਿਵੇਂ ਤਿਆਰੀ ਕਰਨਗੇ। ਕੁਝ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੈਂਕ ਤੋਂ ਕਰਜ਼ਾ ਲੈ ਕੇ ਜਾਂ ਪੈਸੇ ਉਧਾਰ ਲੈ ਕੇ ਪੂਰੀ ਫੀਸ ਪਹਿਲਾਂ ਹੀ ਅਦਾ ਕਰ ਦਿੱਤੀ ਹੈ। ਜੇਕਰ ਕੋਚਿੰਗ ਨੂੰ ਇੱਥੋਂ ਤਬਦੀਲ ਕੀਤਾ ਜਾਂਦਾ ਹੈ ਤਾਂ ਨਾ ਸਿਰਫ਼ ਉਨ੍ਹਾਂ ਦੇ ਪੈਸੇ ਡੁੱਬਣਗੇ, ਸਗੋਂ ਬੱਚਿਆਂ ਦੀ ਤਿਆਰੀ ਵੀ ਵਿਅਰਥ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਕੁਝ ਮਾਪਿਆਂ ਨੇ 13 ਜਨਵਰੀ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਕੋਚਿੰਗ ਸੈਂਟਰ ਬਾਰੇ ਸ਼ਿਕਾਇਤ ਕੀਤੀ ਸੀ।
ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ 3.5 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦੀ ਪੇਸ਼ਗੀ ਫੀਸ ਅਦਾ ਕੀਤੀ ਸੀ। ਕੁਝ ਸਮੇਂ ਤੋਂ ਅਧਿਆਪਕ ਹੌਲੀ-ਹੌਲੀ ਸੰਸਥਾ ਛੱਡਦੇ ਜਾ ਰਹੇ ਹਨ। ਇੱਥੋਂ ਦੇ ਅਧਿਆਪਕਾਂ ਅਤੇ ਸਟਾਫ਼ ਨੂੰ ਤਨਖਾਹ ਨਹੀਂ ਦਿੱਤੀ ਗਈ ਹੈ। ਪਿਛਲੇ ਕਈ ਦਿਨਾਂ ਤੋਂ ਬੱਚਿਆਂ ਦੀਆਂ ਕਲਾਸਾਂ ਵੀ ਨਹੀਂ ਲੱਗ ਰਹੀਆਂ, ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਭਵਿੱਖ ਵਿੱਚ ਕੋਈ ਕਲਾਸਾਂ ਲਗਾਈਆਂ ਜਾਣਗੀਆਂ ਜਾਂ ਨਹੀਂ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਮਾਪੇ ਅਤੇ ਬੱਚੇ ਮਾਨਸਿਕ ਦਬਾਅ ਹੇਠ ਆ ਰਹੇ ਹਨ। ਮਾਪਿਆਂ ਨੇ ਫੀਸ ਵਾਪਸ ਕਰਨ ਦੀ ਵੀ ਮੰਗ ਕੀਤੀ ਹੈ।
ਇਸ ਤੋਂ ਬਾਅਦ ਜ਼ਿਲ੍ਹਾ ਸਕੂਲ ਇੰਸਪੈਕਟਰ ਨੇ ਕਾਰਵਾਈ ਕੀਤੀ ਅਤੇ ਕੋਚਿੰਗ ਸੈਂਟਰ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਵੀ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਜ਼ਿਲ੍ਹਾ ਸਕੂਲ ਇੰਸਪੈਕਟਰ ਨੇ ਕਿਹਾ ਕਿ ਆਰ.ਡੀ.ਸੀ. ਰਾਜਨਗਰ ਵਿੱਚ ਫਿੱਟ ਜੀ ਦੇ ਨਾਮ 'ਤੇ ਕੋਈ ਕੋਚਿੰਗ ਸੈਂਟਰ ਰਜਿਸਟਰਡ ਨਹੀਂ ਹੈ। ਇਸ ਤੋਂ ਇਹ ਸਪੱਸ਼ਟ ਹੈ ਕਿ ਉਹ ਬਿਨਾਂ ਕਿਸੇ ਰਜਿਸਟ੍ਰੇਸ਼ਨ ਦੇ ਗੈਰ-ਕਾਨੂੰਨੀ ਢੰਗ ਨਾਲ ਕੋਚਿੰਗ ਸੈਂਟਰ ਚਲਾ ਰਹੇ ਹਨ। ਇਹ ਉੱਤਰ ਪ੍ਰਦੇਸ਼ ਕੋਚਿੰਗ ਰੈਗੂਲੇਸ਼ਨ ਐਕਟ 2002 ਦੀ ਉਲੰਘਣਾ ਹੈ।
ਜ਼ਿਲ੍ਹਾ ਸਕੂਲ ਇੰਸਪੈਕਟਰ ਨੇ ਕਵੀ ਨਗਰ ਪੁਲਸ ਸਟੇਸ਼ਨ ਇੰਚਾਰਜ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਇਹ ਵੀ ਸਪੱਸ਼ਟ ਹੋ ਰਿਹਾ ਹੈ ਕਿ ਫਿੱਟ ਜੀ ਲਿਮਟਿਡ ਡੀ 6 ਅਤੇ 7 ਆਰ.ਡੀ.ਸੀ. ਰਾਜਨਗਰ ਗਾਜ਼ੀਆਬਾਦ ਨੇ ਮਾਪਿਆਂ/ਬੱਚਿਆਂ ਨਾਲ ਧੋਖਾਧੜੀ ਅਤੇ ਗੁੰਮਰਾਹ ਕਰਕੇ ਫੀਸਾਂ ਇਕੱਠੀਆਂ ਕੀਤੀਆਂ ਹਨ। ਉਨ੍ਹਾਂ ਨੇ ਕੋਚਿੰਗ ਰੈਗੂਲੇਸ਼ਨ ਐਕਟ 2002, 27 ਜੂਨ 2002 ਵਿੱਚ ਦਿੱਤੇ ਗਏ ਉਪਬੰਧਾਂ ਦੀ ਉਲੰਘਣਾ ਅਤੇ ਗੈਰ-ਕਾਨੂੰਨੀ ਤੌਰ 'ਤੇ ਚੱਲ ਰਹੇ ਕੋਚਿੰਗ ਸੈਂਟਰ ਦੇ ਡਾਇਰੈਕਟਰ ਅਤੇ ਸ਼ਿਕਾਇਤ ਪੱਤਰ ਵਿੱਚ ਦੱਸੇ ਗਏ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਰਿਪੋਰਟ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ। ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਾ ਬਿਲਡਿੰਗ ਦਾ ਕਿਰਾਇਆ ਦਿੱਤਾ ਨਾਂ ਅਧਿਆਪਕਾਂ ਦੀ ਤਨਖਾਹ
ਇਸੇ ਕੋਚਿੰਗ ਸੈਂਟਰ ਵਿੱਚ ਪੜ੍ਹਾ ਰਹੇ ਇੱਕ ਮਾਪੇ ਰੁਚਿਰ ਮਹਿਤਾ ਨੇ ਕਿਹਾ ਕਿ ਸੈਂਟਰ ਦੇ ਅਧਿਆਪਕਾਂ ਨੂੰ ਚਾਰ-ਪੰਜ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਸਾਨੂੰ ਪਤਾ ਲੱਗਾ ਹੈ ਕਿ ਉਹ ਸਾਰੇ ਜਾ ਰਹੇ ਹਨ। ਇੰਨਾ ਹੀ ਨਹੀਂ, ਉਸਨੇ ਪਿਛਲੇ ਕੁਝ ਮਹੀਨਿਆਂ ਤੋਂ ਇਮਾਰਤ ਦਾ ਕਿਰਾਇਆ ਵੀ ਨਹੀਂ ਦਿੱਤਾ ਹੈ। ਹੁਣ ਇਨ੍ਹਾਂ ਹਾਲਾਤਾਂ ਵਿੱਚ ਇਹ ਕੇਂਦਰ ਕਿਵੇਂ ਚੱਲੇਗਾ? ਮਾਪਿਆਂ ਨੇ ਡੀ.ਐੱਮ. ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਸਕੂਲ ਇੰਸਪੈਕਟਰ ਦੁਆਰਾ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਰੁਚਿਰ ਨੇ ਕਿਹਾ ਕਿ ਕੋਚਿੰਗ ਸੰਸਥਾ ਨੇ ਕੁਝ ਲੋਕਾਂ ਤੋਂ 3.5 ਲੱਖ ਰੁਪਏ ਅਤੇ ਕੁਝ ਲੋਕਾਂ ਤੋਂ 5 ਲੱਖ ਰੁਪਏ ਲਏ ਹਨ। ਮੇਰਾ ਬੱਚਾ ਪਿਛਲੇ ਸਾਲ ਅਪ੍ਰੈਲ 2024 ਤੋਂ ਪੜ੍ਹ ਰਿਹਾ ਹੈ। ਅਸੀਂ ਅਜੇ ਵੀ ਚਾਹੁੰਦੇ ਹਾਂ ਕਿ ਇਹ ਕੋਚਿੰਗ ਸੈਂਟਰ ਬੰਦ ਨਾ ਹੋਵੇ ਨਹੀਂ ਤਾਂ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ।