ਪੂਰੇ ਪਰਿਵਾਰ ਦਾ ਕਤਲ ਕਰਨ ਵਾਲੀ ਸ਼ਬਨਮ ਦੇ ਪੁੱਤ ਨੇ ਰਾਸ਼ਟਰਪਤੀ ਤੋਂ ਕੀਤੀ ਇਹ ਭਾਵੁਕ ਅਪੀਲ

Thursday, Feb 18, 2021 - 01:18 PM (IST)

ਪੂਰੇ ਪਰਿਵਾਰ ਦਾ ਕਤਲ ਕਰਨ ਵਾਲੀ ਸ਼ਬਨਮ ਦੇ ਪੁੱਤ ਨੇ ਰਾਸ਼ਟਰਪਤੀ ਤੋਂ ਕੀਤੀ ਇਹ ਭਾਵੁਕ ਅਪੀਲ

ਬੁਲੰਦਸ਼ਹਿਰ- ਫਾਂਸੀ ਦੀ ਸਜ਼ਾ ਤੈਅ ਹੋਣ ਤੋਂ ਬਾਅਦ ਸ਼ਬਨਮ ਅਤੇ ਸਲੀਮ ਨੇ ਰਾਸ਼ਟਰਪਤੀ ਦੇ ਸਾਹਮਣੇ ਦਯਾ ਪਟੀਸ਼ਨ ਲਗਾਈ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਹੈ। ਹਾਲਾਂਕਿ ਸ਼ਬਨਮ ਅਤੇ ਸਲੀਮ ਨੂੰ ਕਿਹੜੇ ਦਿਨ ਫਾਂਸੀ ਦਿੱਤੀ ਜਾਵੇਗੀ, ਇਸ ਦੀ ਤਾਰੀਖ਼ ਹਾਲੇ ਤੈਅ ਨਹੀਂ ਹੋਈ ਹੈ। ਉੱਥੇ ਹੀ ਹੁਣ ਸ਼ਬਨਮ ਦੇ 13 ਸਾਲਾ ਪੁੱਤ ਤਾਜ ਨੇ ਰਾਸ਼ਟਰਪਤੀ ਦੇ ਨਾਂ ਇਕ ਚਿੱਠੀ ਲਿਖੀ ਹੈ, ਜਿਸ 'ਚ ਉਸ ਨੇ ਆਪਣੀ ਮਾਂ (ਸ਼ਬਨਮ) ਲਈ ਮੁਆਫ਼ੀ ਦੀ ਗੁਹਾਰ ਲਗਾਈ ਹੈ। ਸ਼ਬਨਮ ਦੇ ਪੁੱਤ ਤਾਜ ਨੇ ਆਪਣੀ ਚਿੱਠੀ 'ਚ ਕਿਹਾ ਕਿ ਰਾਸ਼ਟਰਪਤੀ ਅੰਕਲ ਜੀ, ਮੇਰੀ ਮਂ ਨੂੰ ਮੁਆਫ਼ ਕਰ ਦਿਓ।''

ਇਹ ਵੀ ਪੜ੍ਹੋ : ਪਿਆਰ ’ਚ ਪਾਗਲ ‘ਸ਼ਬਨਮ’ ਨੇ ਕੁਹਾੜੀ ਨਾਲ ਕਤਲ ਕੀਤੇ ਸਨ 7 ਪਰਿਵਾਰਕ ਮੈਂਬਰ, ਹੁਣ ਹੋਵੇਗੀ ਫਾਂਸੀ

ਸ਼ਬਨਮ ਦੇ ਪੁੱਤ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੋਂ ਗੁਹਾਰ ਲਗਾਈ ਹੈ ਕਿ ਉਸ ਦੀ ਮਾਂ ਦੇ ਗੁਨਾਹਾਂ ਨੂੰ ਮੁਆਫ਼ ਕਰ ਦਿੱਤਾ ਜਾਵੇ। ਤਾਜ ਨੇ ਭਾਵੁਕ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਮਾਂ ਨੂੰ ਫਾਂਸੀ ਦੇ ਦਿੱਤੀ ਗਈ ਤਾਂ ਉਹ ਇਕੱਲਾ ਰਹਿ ਜਾਵੇਗਾ। ਤਾਜ ਨੇ ਕਿਹਾ ਕਿ ਉਸ ਦੀ ਵੱਡੀ ਮੰਮੀ ਉਸ ਨੂੰ ਬਹੁਤ ਪਿਆਰ ਕਰਦੀ ਹੈ, ਉਹ ਜਦੋਂ ਜੇਲ੍ਹ 'ਚ ਉਸ ਨੂੰ ਮਿਲਣ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਗਲੇ ਲਗਾ ਲਿਆ। ਦੱਸਣਯੋਗ ਹੈ ਕਿ ਤਾਜ 6ਵੀਂ ਜਮਾਤ 'ਚ ਪੜ੍ਹਦਾ ਹੈ ਅਤੇ ਉਸ ਨੂੰ ਇਕ ਜੋੜੇ ਨੇ ਗੋਦ ਲਿਆ ਹੈ। ਤਾਜ ਉਸ ਜੋੜੇ ਨੂੰ ਛੋਟੀ ਮੰਮੀ ਅਤੇ ਛੋਟੇ ਪਾਪਾ ਕਹਿ ਕੇ ਬੁਲਾਉਂਦਾ ਹੈ। ਜਦੋਂ ਕਿ ਸ਼ਬਨਮ ਨੂੰ ਵੱਡੀ ਮੰਮੀ ਕਹਿੰਦਾ ਹੈ। ਹਾਲ ਹੀ 'ਚ ਜਦੋਂ ਤਾਜ ਸ਼ਬਨਮ ਨੂੰ ਮਿਲਣ ਗਿਆ ਸੀ ਤਾਂ ਉਸ ਨੇ ਪੁੱਤ ਨੂੰ ਕਿਹਾ ਸੀ ਕਿ ਉਹ ਖੂਬ ਪੜ੍ਹਾਈ ਕਰੇ ਅਤੇ ਇਕ ਚੰਗਾ ਇਨਸਾਨ ਬਣੇ। ਤਾਜ ਨੂੰ ਗਲੇ ਲਗਾ ਕੇ ਸ਼ਬਨਮ ਕਾਫ਼ੀ ਦੇਰ ਤੱਕ ਰੋਂਦੀ ਰਹੀ ਸ। ਸ਼ਬਨਮ ਨੇ ਤਾਜ ਨੂੰ ਕਿਹਾ ਸੀ ਕਿ ਉਹ ਉਸ ਨੂੰ ਕਦੇ ਯਾਦ ਨਾ ਕਰੇ, ਕਿਉਂਕਿ ਉਹ ਚੰਗੀ ਮੰਮੀ ਨਹੀਂ ਹੈ।

ਇਹ ਹੈ ਪੂਰਾ ਮਾਮਲਾ
ਅਪ੍ਰੈਲ 2008 ਨੂੰ ਪ੍ਰੇਮੀ ਸਲੀਮ ਨਾਲ ਮਿਲ ਕੇ ਸ਼ਬਨਮ ਨੇ ਆਪਣੇ ਹੀ 7 ਪਰਿਵਾਰ ਵਾਲਿਆਂ ਦਾ ਕਤਲ ਕਰ ਦਿੱਤਾ ਸੀ। ਸ਼ਬਨਮ ਦੇ ਪਰਿਵਾਰ 'ਚ ਇਕਮਾਤਰ ਉਸ ਦੇ ਚਾਚਾ ਸੱਤਾਰ ਸੈਫੀ ਅਤੇ ਚਾਚੀ ਫਾਤਿਮਾ ਹੀ ਜਿਊਂਦੇ ਬਚੇ ਸਨ। ਅਮਰੋਹਾ ਦੇ ਹਸਨਪੁਰ ਕਸਬੇ ਨਾਲ ਲੱਗਦੇ ਛੋਟੇ ਜਿਹੇ ਪਿੰਡ ਬਾਵਨਖੇੜੀ 'ਚ ਸਾਲ 2008 ਦੀ 14-15 ਦੀ ਦਰਮਿਆਨੀ ਰਾਤ ਦਾ ਮੰਜਰ ਕੋਈ ਨਹੀਂ ਭੁੱਲਿਆ ਹੈ। ਬੇਸਿਕ ਸਿੱਖਿਆ ਵਿਭਾਗ 'ਚ ਤਾਇਨਾਤ ਸ਼ਬਨਮ ਨੇ ਰਾਤ ਨੂੰ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਆਪਣਾ ਪਿਤਾ ਮਾਸਟਰ ਸ਼ੌਕਤ, ਮਾਂ ਹਾਸ਼ਮੀ, ਭਰਾ ਅਨੀਸ ਅਤੇ ਰਾਸ਼ਿਦ, ਭਰਜਾਈ ਅੰਜੁਮ ਅਤੇ ਫੁਫੇਰੀ ਭੈਣ ਰਾਬੀਆ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਨੇ ਆਪਣੇ ਮਾਸੂਮ ਭਤੀਜੇ ਅਰਸ਼ ਦਾ ਵੀ ਗਲਾ ਘੁੱਟ ਦਿੱਤਾ ਸੀ। ਇਸ ਕਤਲਕਾਂਡ ਦੌਰਾਨ ਸ਼ਬਨਮ 2 ਮਹੀਨੇ ਦੀ ਗਰਭਵਤੀ ਸੀ। ਦੱਸਣਯੋਗ ਹੈ ਕਿ ਸ਼ਬਨਮ ਅਲੀ, ਉਹ ਮਹਿਲਾ ਕੈਦੀ ਹੈ, ਜਿਸ ਨੂੰ ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਫਾਂਸੀ 'ਤੇ ਲਟਕਾਇਆ ਜਾਵੇਗਾ।


author

DIsha

Content Editor

Related News