ਖੇਤੀ ਕਾਨੂੰਨ ਵਾਪਸ ਅਤੇ ਝੂਠੀ ਮੁਆਫ਼ੀ PM ਮੋਦੀ ਦੀ ਕਿਸਾਨ ਵਿਰੋਧੀ ਸੋਚ ਨੂੰ ਢਕ ਨਹੀਂ ਸਕਦੇ: ਪਿ੍ਰਯੰਕਾ
Monday, Jan 03, 2022 - 03:58 PM (IST)
ਨਵੀਂ ਦਿੱਲੀ (ਵਾਰਤਾ)— ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਉਹ ਕਿਸਾਨ ਵਿਰੋਧੀ ਹਨ। ਪ੍ਰਧਾਨ ਮੰਤਰੀ ਖੇਤੀ ਕਾਨੂੰਨ ਵਾਪਸ ਲੈ ਕੇ ਅਤੇ ਝੂਠੀ ਮੁਆਫ਼ੀ ਮੰਗ ਕੇ ਆਪਣੀ ਕਿਸਾਨ ਵਿਰੋਧੀ ਸੋਚ ਨੂੰ ਢਕਣ ਦੀ ਕੋਸ਼ਿਸ਼ ਕਰ ਰਹੇ ਹਨ।
ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਪਿ੍ਰਯੰਕਾ ਨੇ ਕਿਹਾ ਕਿ ਜੇਕਰ ਮੋਦੀ ਕਿਸਾਨਾਂ ਨਾਲ ਹੁੰਦੇ ਅਤੇ ਸੱਚ ’ਚ ਉਨ੍ਹਾਂ ਦੇ ਪੱਖ ’ਚ ਹੁੰਦੇ ਤਾਂ ਉਹ ਲਖੀਮਪੁਰ ਖੀਰੀ ਹਿੰਸਾ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ। ਪ੍ਰਧਾਨ ਮੰਤਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਕੈਬਨਿਟ ਤੋਂ ਹਟਾ ਦਿੰਦੇ ਅਤੇ ਫਿਰ ਉਨ੍ਹਾਂ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗ ਦੀ ਜ਼ਰੂਰਤ ਨਹੀਂ ਪੈਂਦੀ ਪਰ ਉਨ੍ਹਾਂ ਦੀ ਸੋਚ ਕਿਸਾਨ ਵਿਰੋਧੀ ਹੈ, ਇਸ ਲਈ ਉਹ ਝੂਠੀ ਮੁਆਫ਼ੀ ਮੰਗਦੇ ਹਨ ਅਤੇ ਕਿਸਾਨਾਂ ਨੂੰ ਗੁੰਮਰਾਹ ਕਰਦੇ ਹਨ।
ਪਿ੍ਰਯੰਕਾ ਨੇ ਟਵੀਟ ਕਰਦਿਆਂ ਕਿਹਾ, ‘‘ਝੂਠੀ ਮੁਆਫ਼ੀ ਅਤੇ ਕਾਨੂੰਨ ਵਾਪਸ ਲੈਣ ਵਰਗੇ ਚੁਣਾਵੀ ਕਦਮ ਵੀ ਮੋਦੀ ਜੀ ਦੀ ਕਿਸਾਨ ਵਿਰੋਧੀ ਸੋਚ ਨੂੰ ਢਕ ਨਹੀਂ ਸਕਦੇ। ਉਹ ਰੱਖਿਅਕ ਦੇ ਅਹੁਦੇ ’ਤੇ ਹਨ ਪਰ ਰਾਕਸ਼ਸ ਨਾਲ ਖੜ੍ਹੇ ਹਨ। ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਚਾਰਜਸ਼ੀਟ ਵਿਚ ਵੀ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਹੀ ਕਿਸਾਨਾਂ ਨੂੰ ਕੁਚਲਣ ਦੀ ਘਟਨਾ ਦੇ ਮੁੱਖ ਦੋਸ਼ੀ ਹੈ। ਪਰ ਨਰਿੰਦਰ ਮੋਦੀ ਜੀ ਦੀ ਸੁਰੱਖਿਆ ਦੇ ਚੱਲਦੇ ਮੰਤਰੀ ਅਜੇ ਮਿਸ਼ਰਾ ਟੇਨੀ ’ਤੇ ਜਾਂਚ ਦੀ ਆਂਚ ਤੱਕ ਨਹੀਂ ਆਈ ਅਤੇ ਉਹ ਆਪਣੇ ਅਹੁਦੇ ’ਤੇ ਬਣੇ ਹੋਏ ਹਨ।