ਨਕਲੀ ਦਵਾਈਆਂ ਦਾ ਧੰਦਾ ਕਤਲ ਜਾਂ ਅੱਤਵਾਦ ਨਾਲੋਂ ਘੱਟ ਗੰਭੀਰ ਅਪਰਾਧ ਨਹੀਂ : ਅਦਾਲਤ

12/22/2022 1:59:26 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਮਰੀਜ਼ਾਂ ਨੂੰ ਕੈਂਸਰ ਦੀਆਂ ਨਕਲੀਆਂ ਦਵਾਈਆਂ ਸਪਲਾਈ ਕਰਨ ਦੇ ਦੋਸ਼ੀ ਏਕਾਂਸ਼ ਵਰਮਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਨਕਲੀ ਦਵਾਈਆਂ ਦਾ ਧੰਦਾ ਕਤਲ ਜਾਂ ਅੱਤਵਾਦ ਤੋਂ ਘੱਟ ਗੰਭੀਰ ਅਪਰਾਧ ਨਹੀਂ ਹੈ। ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਕਿਹਾ, ਸਿਰਫ਼ ਪੈਸਾ ਕਮਾਉਣ ਲਈ ਅਤੇ ਕੈਂਸਰ ਵਰਗੀਆਂ ਗੰਭੀਰ ਡਾਕਟਰੀ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਕਰਨ ਅਤੇ ਨਕਲੀ ਦਵਾਈਆਂ ਦੀ ਸਪਲਾਈ ਕਰਨ ਦਾ ਖ਼ਤਰਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਜਸਟਿਸ ਮਲਿਕ ਨੇ ਕਿਹਾ ਕਿ ਸਮੱਸਿਆ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ ਅਤੇ ਇਸ ਨਾਲ ਮਜ਼ਬੂਤੀ ਨਾਲ ਨਜਿੱਠਣ ਦੀ ਲੋੜ ਹੈ।

ਉਨ੍ਹਾਂ ਕਿਹਾ, ਦੋਸ਼ ਹੈ ਕਿ ਉਹ (ਵਰਮਾ) ਬੰਗਲਾਦੇਸ਼ ਸਥਿਤ ਇਕ ਕੰਪਨੀ ਦੀਆਂ ਗੋਲੀਆਂ ਵੇਚ ਰਿਹਾ ਸੀ। ਕਾਨੂੰਨ ਤਹਿਤ ਭਾਰਤ ’ਚ ਇਸ ਦੀ ਸਪਲਾਈ ’ਤੇ ਪਾਬੰਦੀ ਹੈ। ਇਹ ਤੱਥ ਕੈਂਸਰ ਤੋਂ ਪੀੜਤ ਮਰੀਜ਼ਾਂ ਨੂੰ ਨਕਲੀ ਦਵਾਈਆਂ ਵੇਚਣ ਅਤੇ ਸਪਲਾਈ ਕਰਨ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਹੋਣ ਦੇ ਉਸ ਦੇ ਇਰਾਦੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਮਰੀਜ਼ਾਂ ਨੂੰ ਮੁੱਖ ਦੋਸ਼ੀ ਡਾਕਟਰ ਪਵਿੱਤਰ ਪ੍ਰਧਾਨ ਤੋਂ ਇਲਾਜ ਕਰਵਾਉਣ ਲਈ ਕਹਿੰਦੇ ਸਨ, ਜੋ ਨਕਲੀ ਦਵਾਈਆਂ ਬਣਾਉਣ ਅਤੇ ਸਪਲਾਈ ਕਰਨ ਦੇ ਰੈਕੇਟ ਦਾ ਮਾਸਟਰ ਮਾਈਂਡ ਸੀ। ਦੋਸ਼ੀ ਨੂੰ 13 ਨਵੰਬਰ 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਇਹ ਦਾਅਵਾ ਕਰਦੇ ਹੋਏ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਉਸ ਨੇ ਹਾਲ ਹੀ ’ਚ ਬੀ. ਟੈੱਕ ਪੂਰੀ ਕੀਤੀ ਹੈ ਅਤੇ ਹਾਲਾਤਾਂ ਦਾ ਮਾਰਿਆ ਹੈ। ਦੋਸ਼ੀ ਨੇ ਦਾਅਵਾ ਕੀਤਾ ਕਿ ਮਾਮਲੇ ’ਚ ਉਸ ਨੂੰ ਫਸਾਇਆ ਗਿਆ ਹੈ।


Rakesh

Content Editor

Related News