Facebook ਨਹੀਂ ਬੈਨ ਕਰੇਗਾ ਸਿਆਸੀ ਵਿਗਿਆਪਨ, ਮਾਰਕ ਜੁਕਰਬਰਗ ਨੇ ਦੱਸੀ ਵਜ੍ਹਾ
Thursday, Oct 31, 2019 - 05:15 PM (IST)

ਨਵੀਂ ਦਿੱਲੀ — ਫੇਸਬੁੱਕ ਨੇ ਸਿਆਸੀ ਵਿਗਿਆਪਨਾਂ ਨੂੰ ਉਮੀਦਵਾਰਾਂ ਅਤੇ ਲਾਬਿੰਗ ਸਮੂਹਾਂ ਦੀ ਅਵਾਜ਼ ਲਈ ਜ਼ਰੂਰੀ ਦੱਸਦੇ ਹੋਏ ਆਪਣੇ ਪਲੇਟਫਾਰਮ 'ਤੇ ਇਸ ਤਰ੍ਹਾਂ ਦੇ ਵਿਗਿਆਪਨਾਂ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ(CEO) ਮਾਰਕ ਜੁਕਰਬਰਗ ਨੇ ਨਿਵੇਸ਼ਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਇਕ ਲੋਕਤੰਤਰ 'ਚ ਨੇਤਾਵਾਂ ਜਾਂ ਖਬਰਾਂ 'ਤੇ ਰੋਕ ਲਗਾਉਣਾ ਨਿੱਜੀ ਕੰਪਨੀਆਂ ਲਈ ਠੀਕ ਹੈ। ਅਸੀਂ ਪਹਿਲਾਂ ਵੀ ਇਸ ਮੁੱਦੇ 'ਤੇ ਵਿਚਾਰ ਕੀਤਾ ਹੈ ਕਿ ਸਾਨੂੰ ਅਜਿਹੇ ਵਿਗਿਆਪਨ ਚਲਾਉਣੇ ਚਾਹੀਦੇ ਹਨ ਜਾਂ ਨਹੀਂ ਅਤੇ ਅਸੀਂ ਅੱਗੇ ਵੀ ਇਸ 'ਤੇ ਵਿਚਾਰ ਕਰਦੇ ਰਹਾਂਗੇ। ਹਾਲਾਂਕਿ ਮੌਜੂਦਾ ਸਮੇਂ ਦੇ ਹਿਸਾਬ 'ਚ ਅਸੀਂ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਗੂਗਲ, ਯੂਟਿਊਬ, ਕੇਬਲ ਨੈੱਟਵਰਕ ਅਤੇ ਟੈਲੀਵਿਜ਼ਨ ਚੈਨਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸਾਰੇ ਆਪਣੇ ਪਲੇਟਫਾਰਮ 'ਤੇ ਅਜਿਹੇ ਵਿਗਿਆਪਨ ਚਲਾਉਂਦੇ ਹਨ। ਜ਼ੁਕਰਬਰਗ ਨੇ ਕਿਹਾ ਕਿ ਕੰਪਨੀ ਨੇ ਇਸ ਵਿਗਿਆਪਨ ਨੂੰ ਮਾਲੀਆ ਦੇ ਕਾਰਨ ਜਾਰੀ ਰੱਖਣ ਦਾ ਫੈਸਲਾ ਨਹੀਂ ਲਿਆ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿ ਇਹ ਵਿਗਿਆਪਨ ਉਮੀਦਵਾਰਾਂ ਅਤੇ ਲਾਬਿੰਗ ਸਮੂਹਾਂ ਦੀ ਮਹੱਤਵਪੂਰਨ ਆਵਾਜ਼ ਹਨ। ਉਨ੍ਹਾਂ ਨੇ ਕਿਹਾ ਕਿ ਸਿਆਸੀ ਵਿਗਿਆਪਨ ਅਗਲੇ ਸਾਲ ਕੰਪਨੀ ਦੇ ਮਾਲੀਆ 'ਚ 0.50 ਤੋਂ ਵੀ ਘੱਟ ਯੋਗਦਾਨ ਦੇਣਗੇ। ਜ਼ਿਕਰਯੋਗ ਹੈ ਕਿ ਟਵਿੱਟਰ ਨੇ ਆਪਣੇ ਪਲੇਟਫਾਰਮ 'ਤੇ ਸਿਆਸੀ ਵਿਗਿਆਪਨਾਂ 'ਤੇ ਰੋਕ ਲਗਾ ਦਿੱਤੀ ਹੈ।