ਐੱਫ. ਏ. ਟੀ. ਐੱਫ. ਵਲੋਂ ਅੱਤਵਾਦੀ ਫੰਡਿੰਗ ਖਿਲਾਫ ਕਾਰਵਾਈ ਭਾਰਤ ਦੀ ਵੱਡੀ ਜਿੱਤ
Wednesday, Nov 01, 2023 - 01:13 PM (IST)
ਨਵੀਂ ਦਿੱਲੀ- ਵਿੱਤੀ ਕਾਰਵਾਈ ਕਾਰਜ ਬਲ (ਐੱਫ. ਏ. ਟੀ. ਐੱਫ.) ਅੱਤਵਾਦ ਦੇ ਵਿੱਤ ਪੋਸ਼ਣ ਲਈ ਕ੍ਰਾਊਡ ਫੰਡਿੰਗ ’ਤੇ ਇਕ ਮਹੱਤਵਪੂਰਨ ਰਿਪੋਰਟ ਪ੍ਰਕਾਸ਼ਿਤ ਕਰਨ ’ਤੇ ਸਹਿਮਤ ਹੋਇਆ, ਜਿਸ ਨੂੰ ਭਾਰਤ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਐੱਫ. ਏ. ਟੀ. ਐੱਫ. ਦੇ ਸੰਸਾਰਿਕ ਨੈੱਟਵਰਕ (200 ਤੋਂ ਵਧ ਨਿਆਂ ਖੇਤਰਾਂ ਵਿਚੋਂ) ਦੀ ਚੌਥੀ ਪੂਰਨ ਬੈਠਕ ਅਤੇ ਪੈਰਿਸ ਬੈਠਕ ਵਿਚ ਕੌਮਾਂਤਰੀ ਸੰਗਠਨਾਂ ਦੇ ਆਬਜ਼ਰਵਰਾਂ ਨੇ ਅੱਤਵਾਦ ਦੇ ਵਿੱਤ ਪੋਸ਼ਣ ਦੇ ਅਪਰਾਧੀਕਰਣ ’ਤੇ ਕਾਰਵਾਈ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ।
ਪੈਰਿਸ ਵਿਚ ਆਯੋਜਿਤ 3 ਦਿਨਾਂ ਬੈਠਕ 27 ਅਕਤੂਬਰ ਨੂੰ ਸੰਪੰਨ ਹੋਈ ਅਤੇ ਇਸ ਦੀ ਪ੍ਰਧਾਨਗੀ ਸਰਵ ਸੰਮਤੀ ਨਾਲ ਸਿੰਗਾਪੁਰ ਦੇ ਟੀ. ਰਾਜਾ ਕੁਮਾਰ ਨੇ ਕੀਤੀ। ਇਸ ਨੇ ਅੱਤਵਾਦੀ ਵਿੱਤ ਪੋਸ਼ਣ ਨੈੱਟਵਰਕ ’ਤੇ ਵਿੱਤੀ ਖੁਫੀਆ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਸਮੇਤ ਐੱਫ. ਏ. ਟੀ. ਐੱਫ. ਮਾਪਦੰਡਾਂ ਨੂੰ ਪੂਰੀ ਤਰ੍ਹਾਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਾਰੀਆਂ ਅਦਾਲਤਾਂ ਦੀ ਲੋੜ ਨੂੰ ਮਾਨਤਾ ਦਿੱਤੀ।
ਮੈਂਬਰਾਂ ਨੇ ਅੱਤਵਾਦੀਆਂ ਨੂੰ ਉਨ੍ਹਾਂ ਦੇ ਰੈਵੇਨਿਊ ਦੇ ਸੋਮਿਆਂ ਅਤੇ ਇਨ੍ਹਾਂ ਸਮੂਹਾਂ ਨੂੰ ਆਪਣੇ ਵਿਨਾਸ਼ਕਾਰੀ ਟੀਚਿਆਂ ਨੂੰ ਪੂਰਾ ਕਰਨ ਲਈ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਕਰਨ ਲਈ ਵਿੱਤੀ ਪਾਬੰਦੀ ਅਤੇ ਜ਼ਬਤੀ ਵਰਗੇ ਵਿੱਤੀ ਅਤੇ ਕਾਨੂੰਨ ਲਾਗੂ ਕਰਨ ਵਾਲੇ ਯੰਤਰਾਂ ਦੀ ਵਰਤੋਂ ਕਰਨ ’ਤੇ ਵੀ ਸਹਿਮਤੀ ਪ੍ਰਗਟ ਕੀਤੀ। ਇਸ ਵਿਚ ਪ੍ਰਾਸੰਗਿਕ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਵਿਚ ਐਲਾਨੇ ਅੱਤਵਾਦੀਆਂ ਅਤੇ ਅੱਤਵਾਦੀ ਸਮੂਹਾਂ ਨੂੰ ਨਾਮਜ਼ਦ ਕਰਨਾ ਵੀ ਸ਼ਾਮਲ ਹੈ।
ਬੈਠਕ ਵਿਚ ਦੇਸ਼ਾਂ ਨੂੰ ਅਪਰਾਧ ਤੇ ਅੱਤਵਾਦ ਨੂੰ ਉਤਸ਼ਾਹ ਦੇਣ ਵਾਲੇ ਵਿੱਤੀ ਪ੍ਰਵਾਹ ਦਾ ਪਤਾ ਲਾਉਣ, ਨਿਗਰਾਨੀ ਕਰਨ ਤੇ ਰੋਕਣ ਵਿਚ ਮਦਦ ਕਰਨ ਲਈ ਪ੍ਰਮੁੱਖ ਮੁੱਦਿਆਂ ਵੱਲ ਧਿਆਨ ਕੇਂਦਰਿਤ ਕੀਤਾ ਗਿਆ। ਦੇਸ਼ਾਂ ਤੋਂ ਇਲਾਵਾ ਐੱਫ. ਏ. ਟੀ. ਐੱਫ. ਬੈਠਕ ਵਿਚ ਕੌਮਾਂਤਰੀ ਮੁਦਰਾ ਕੋਸ਼, ਸੰਯੁਕਤ ਰਾਸ਼ਟਰ, ਵਿਸ਼ਵ ਬੈਂਕ, ਇੰਟਰਪੋਲ ਅਤੇ ਐਗਮੋਂਟ ਗਰੁੱਪ ਆਫ ਫਾਈਨਾਂਸ਼ੀਅਲ ਇੰਟੈਲੀਜੈਂਸ ਯੂਨਿਟਸ ਨੇ ਵੀ ਹਿੱਸਾ ਲਿਆ। ਇਕ ਪ੍ਰਮੁੱਖ ਮੀਲ ਪੱਥਰ ਵਿਚ ਨੁਮਾਇੰਦੇ ਅਪਰਾਧੀਆਂ ਨੂੰ ਅਪਰਾਧ ਦੀ ਆਮਦਨ ਤੋਂ ਵਾਂਝਾ ਕਰਨ ’ਤੇ ਵੀ ਸਹਿਮਤ ਹੋਏ। ਐੱਫ. ਏ. ਟੀ. ਐੱਫ. ਨੇ ਕੌਮਾਂਤਰੀ ਮਨੀ ਲਾਂਡਰਿੰਗ ਮਾਮਲਿਆਂ ਨਾਲ ਨਜਿੱਠਣ ਲਈ ਜਾਇਦਾਦ ਪੁਨਰ ਪ੍ਰਾਪਤੀ ਨੈੱਟਵਰਕ (ਏ. ਆਰ. ਆਈ. ਐੱਨ.) ਦੀ ਭੂਮਿਕਾ ਤੇ ਇਸਤੇਮਾਲ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ।