ਕੋਟਾ ਨਗਰ ਨਿਗਮ ਦਾ ਫਰਮਾਨ, ਬਾਹਰੀ ਵਿਦਿਆਰਥੀਆਂ ''ਤੇ ਲੱਗੇਗਾ ਟੈਕਸ

Thursday, Nov 23, 2017 - 02:00 PM (IST)

ਕੋਟਾ ਨਗਰ ਨਿਗਮ ਦਾ ਫਰਮਾਨ, ਬਾਹਰੀ ਵਿਦਿਆਰਥੀਆਂ ''ਤੇ ਲੱਗੇਗਾ ਟੈਕਸ

ਕੋਟਾ— ਰਾਜਸਥਾਨ ਦੇ ਕੋਟਾ 'ਚ ਨਗਰ ਨਿਗਮ ਨੇ ਇਕ ਅਨੋਖਾ ਫਰਮਾਨ ਜਾਰੀ ਕੀਤਾ ਹੈ। ਪ੍ਰਾਈਵੇਟ ਐਜ਼ੂਕੇਸ਼ਨ ਇੰਸਟੀਚਿਊਟ ਤੋਂ ਸਫ਼ਾਈ ਦੇ ਨਾਂ 'ਤੇਇਕ ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਤੋਂ ਟੈਕਸ ਵਸੂਲਿਆ ਜਾਵੇਗਾ। ਇਸ ਨਵੇਂ ਟੈਕਸ ਰਾਹੀਂ ਨਗਰ ਨਿਗਮ ਸਾਲ 'ਚ ਕਰੀਬ 30 ਕਰੋੜ ਰੁਪਏ ਤੋਂ ਵਧ ਦੀ ਕਮਾਈ ਕਰੇਗਾ। ਮਾਲੀਆ ਕਮੇਟੀ ਦੀ ਸੋਮਵਾਰ ਨੂੰ ਹੋਈ ਬੈਠਕ 'ਚ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਕੋਚਿੰਗ ਸੰਸਥਾਵਾਂ ਅਤੇ ਸਿੱਖਿਆ ਸੰਸਥਾਵਾਂ 'ਚ 250 ਤੋਂ ਵਧ ਵਿਦਿਆਰਥੀ-ਵਿਦਿਆਰਥਣਾਂ ਪੜ੍ਹਦੇ ਹਨ, ਉਨ੍ਹਾਂ ਦਾ ਨਿਗਮ 'ਚ ਰਜਿਸਟਰੇਸ਼ਨ ਕਰਵਾਉਣਾ ਜ਼ਰੂਰੀ ਹੋਵੇਗਾ।
ਕੋਟਾ ਨੂੰ ਮੈਡੀਕਲ ਅਤੇ ਇੰਜੀਨੀਅਰਿੰਗ ਕੋਚਿੰਗ ਲਈ ਸਭ ਤੋਂ ਵਧੀਆ ਸ਼ਹਿਰ ਮੰਨਿਆ ਜਾਂਦਾ ਹੈ। ਹਰ ਸਾਲ ਲੱਖਾਂ ਵਿਦਿਆਰਥੀ ਅਤੇ ਵਿਦਿਆਰਥਣਾਂ ਇੱਥੇ ਇੰਜੀਨੀਅਰਿੰਗ ਅਤੇ ਮੈਡੀਕਲ ਦੀ ਕੋਚਿੰਗ ਕਰਨ ਆਉਂਦੇ ਹਨ। ਇਸ ਸ਼ਹਿਰ ਦੀ ਪੂਰੀ ਅਰਥਵਿਵਸਥਾ ਬਾਹਰੀ ਵਿਦਿਆਰਥੀਆਂ ਦੀ ਬਦੌਲਤ ਹੀ ਚੱਲਦੀ ਹੈ। ਅਜਿਹੇ 'ਚ ਇਕ ਨਵਾਂ ਟੈਕਸ ਲਗਾਉਣ ਨਾਲ ਵਿਦਿਆਰਥੀਆਂ ਦੀ ਪਰੇਸ਼ਾਨੀ ਵਧ ਗਈ ਹੈ। ਨਗਰ ਨਿਗਮ ਦੇ ਇਸ ਫਰਮਾਨ ਦਾ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀ ਹੱਥਾਂ 'ਚ ਤੱਖਤੀਆਂ ਲਏ ਘੁੰਮ ਰਹੇ ਹਨ, ਜਿਨ੍ਹਾਂ 'ਚ ਲਿਖਿਆ ਹੈ ਕਿ ''ਅੰਕਲ ਅਸੀਂ ਪੜ੍ਹਨ ਆਏ ਹਾਂ, ਪਲੀਜ਼ ਸਾਡੇ ਕੋਲੋਂ ਟੈਕਸ ਨਾ ਲਵੋ।'' ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੀ.ਐੱਸ.ਟੀ. ਕਾਰਨ ਪਹਿਲਾਂ ਤੋਂ ਹੀ ਕੋਚਿੰਗ ਦੀ ਫੀਸ 'ਚ 20 ਹਜ਼ਾਰ ਤੱਕ ਦਾ ਵਾਧਾ ਹੋ ਗਿਆ ਹੈ। ਉੱਥੇ ਹੀ ਕਾਂਗਰਸ ਨੇ ਕੋਟਾ ਨਗਰ ਨਿਗਮ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਕਾਂਗਰਸ ਨੇਤਾ ਸ਼ਾਂਤੀ ਧਾਰੀਵਾਲ ਨੇ ਕਿਹਾ ਕਿ ਇੱਥੇ ਪੜ੍ਹਨ ਵਾਲੇ ਵਿਦਿਆਰਥੀਆਂ 'ਤੇ ਅਨਿਆਂ ਹੈ, ਇਹੀ ਬੱਚੇ ਤਾਂ ਕੋਟਾ ਦੀ ਅਰਥਵਿਵਸਥਾ ਦੀ ਰੀੜ੍ਹ ਹਨ ਅਤੇ ਇਨ੍ਹਾਂ 'ਤੇ ਟੈਕਸ ਲਗਾਇਆ ਜਾ ਰਿਹਾ ਹੈ।


Related News