ਔਰੰਗਾਬਾਦ ਅਤੇ ਪੁਣੇ ਵਿਚਕਾਰ ਐਕਸਪ੍ਰੈਸਵੇਅ 10,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ: ਗਡਕਰੀ
Sunday, Apr 24, 2022 - 05:04 PM (IST)
 
            
            ਔਰੰਗਾਬਾਦ– ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਯਾਨੀ ਕਿ ਅੱਜ ਕਿਹਾ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਅਤੇ ਪੁਣੇ ਵਿਚਕਾਰ ਯਾਤਰਾ ’ਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ ਲਈ ਇਨ੍ਹਾਂ ਦੋਵਾਂ ਸ਼ਹਿਰਾਂ ਵਿਚਕਾਰ 10,000 ਕਰੋੜ ਰੁਪਏ ਦੀ ਲਾਗਤ ਨਾਲ ਐਕਸਪ੍ਰੈਸਵੇਅ ਦਾ ਨਿਰਮਾਣ ਕੀਤਾ ਜਾਵੇਗਾ। ਗਡਕਰੀ ਨੇ ਇੱਥੇ ਰਾਸ਼ਟਰੀ ਰਾਜ ਮਾਰਗ ਨੰਬਰ-52 'ਤੇ 3,216 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ 86 ਕਿਲੋਮੀਟਰ ਲੰਬੀ ਸੜਕ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਆਯੋਜਿਤ ਇਕ ਪ੍ਰੋਗਰਾਮ 'ਚ ਇਹ ਐਲਾਨ ਕੀਤਾ।
ਇਸ ਦੌਰਾਨ ਉਨ੍ਹਾਂ 2,253 ਕਰੋੜ ਰੁਪਏ ਦੀ ਲਾਗਤ ਵਾਲੇ 4 ਹੋਰ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ 'ਤੇ ਬੋਲਦਿਆਂ ਗਡਕਰੀ ਨੇ ਕਿਹਾ, ''ਔਰੰਗਾਬਾਦ ਅਤੇ ਪੁਣੇ ਵਿਚਕਾਰ ਦੂਰੀ ਲਗਭਗ 225 ਕਿਲੋਮੀਟਰ ਹੈ। ਅਸੀਂ ਇਨ੍ਹਾਂ ਦੋਵਾਂ ਸ਼ਹਿਰਾਂ ਵਿਚਕਾਰ 'ਐਕਸੈੱਸ-ਕੰਟਰੋਲਡ ਐਕਸਪ੍ਰੈਸਵੇਅ' ਬਣਾਵਾਂਗੇ, ਜਿਸ 'ਤੇ ਕੋਈ ਮੋੜ ਨਹੀਂ ਹੋਵੇਗਾ ਅਤੇ ਵਾਹਨ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਣਗੇ। ਇਸ ਨਾਲ ਦੋਵਾਂ ਸ਼ਹਿਰਾਂ ਵਿਚਕਾਰ ਯਾਤਰਾ ’ਚ ਲੱਗਣ ਵਾਲਾ ਸਮਾਂ ਘੱਟ ਕੇ ਸਵਾ ਘੰਟਾ ਰਹਿ ਜਾਵੇਗਾ।” ਇਸ ਸਮੇਂ ਔਰੰਗਾਬਾਦ ਅਤੇ ਪੁਣੇ ਵਿਚਕਾਰ ਯਾਤਰਾ ਕਰਨ ਵਿਚ 4 ਤੋਂ 5 ਘੰਟੇ ਲੱਗਦੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            