ਬੰਗਲਾਦੇਸ਼ ਦੀ ਸਰਹੱਦ ’ਤੇ ਭਾਰਤੀ ਜਵਾਨਾਂ ਦੇ ਕਬਜ਼ੇ ’ਚ ਆਇਆ ਅਨੋਖੀ ਨਸਲ ਦਾ ਟੂਕੇਨ ਪੰਛੀ
Sunday, Aug 16, 2020 - 09:25 AM (IST)
ਨਵੀਂ ਦਿੱਲੀ/ਢਾਕਾ,(ਇੰਟ.)-ਬੰਗਲਾਦੇਸ਼ ਦੀ ਸਰਹੱਦ ’ਤੇ ਖੁਫੀਆ ਸੂਚਨਾ ’ਤੇ ਕਾਰਵਾਈ ਕਰਦਿਆਂ ਹੋਇਆਂ ਬੀ. ਐੱਫ. ਐੱਫ. ਦੇ ਜਵਾਨ ਜਦੋਂ ਉਥੇ ਪਹੁੰਚੇ ਤਾਂ ਉੱਥੇ ਮੌਜੂਦ ਸ਼ੱਕੀ ਲੋਕ ਇਕ ਪਿੰਜਰਾ ਸੁੱਟ ਕੇ ਭੱਜ ਗਏ। ਇਸ ਪਿੰਜਰੇ ’ਚ ਦੁਰਲੱਭ ਟੂਕੇਨ ਪੰਛੀ ਦਾ ਜੋੜਾ ਸੀ ਜਿਸਦੀ ਕੀਮਤ ਬਾਜ਼ਾਰ ’ਚ 15 ਲੱਖ ਦੱਸੀ ਜਾ ਰਹੀ ਹੈ।
ਵੀਰਵਾਰ ਨੂੰ ਸੂਤਰਾਂ ਨੂੰ ਮਿਲੀ ਖੁਫੀਆ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਬੀ. ਐੱਸ. ਐੱਫ. ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਦੇ ਨੇੜੇ ਹਲਦਰ ਪਾਰਾ ਪਿੰਡ ਦੇ ਪਿੱਛੇ ਸਥਿਤ ਜੰਗਲ ਨਾਲ ਲੱਗਦੇ ਖੇਤਰਾਂ ’ਚ ਇਕ ਤਲਾਸ਼ੀ ਮੁਹਿੰਮ ਚਲਾਈ। ਇਹ ਪਿੰਡ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲੇ ’ਚ ਪੈਂਦਾ ਹੈ।
ਸਵੇਰੇ ਲੱਗਭਗ ਪੌਣੇ 7 ਵਜੇ ਜਵਾਨਾਂ ਨੇ ਜੰਗਲ ਦੇ ਅੰਦਰੂਨੀ ਹਿੱਸੇ ’ਚ ਬਾਂਸ ਦੀਆਂ ਝਾੜੀਆਂ ਦੇ ਪਿੱਛੇ ਲੁੱਕ ਕੇ ਬੈਠੇ ਦੋ ਸ਼ੱਕੀ ਲੋਕਾਂ ਨੂੰ ਦੇਖਿਆ। ਜਿਵੇਂ ਹੀ ਉਨ੍ਹਾਂ ਨੂੰ ਫੜ੍ਹਨ ਲਈ ਜਵਾਨ ਅੱਗੇ ਵਧੇ, ਸ਼ੱਕੀ ਅਚਾਨਕ ਭਾਰਤੀ ਪਿੰਡ ਵੱਲ ਭੱਜਣ ਲੱਗੇ। ਇਸ ਦੌਰਾਨ ਉਨ੍ਹਾਂ ਕੋਲ ਇਕ ਪਿੰਜਰਾ ਵੀ ਸੀ। ਜਦੋਂ ਭਾਰਤੀ ਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਹ ਪਿੰਜਰੇ ਨੂੰ ਉੱਧਰ ਹੀ ਸੁੱਟ ਕੇ ਸੰਘਣੇ ਜੰਗਲ ’ਚ ਭੱਜ ਗਏ।