ਪੈਨਸ਼ਨ ਲਈ ਲੜਾਈ ਲੜ ਰਹੇ ਹਨ ਸੀ.ਬੀ.ਆਈ. ਦੇ ਸਾਬਕਾ ਮੁਖੀ
Thursday, Sep 22, 2022 - 01:00 PM (IST)

ਨਵੀਂ ਦਿੱਲੀ– ਸੀ.ਬੀ.ਆਈ ਦੇ ਸਾਬਕਾ ਮੁਖੀ ਆਲੋਕ ਵਰਮਾ ਰਿਟਾਇਰਮੈਂਟ ਦੇ ਲਾਭਾਂ ਲਈ ਡਿਪਾਰਟਮੈਂਟ ਆਫ਼ ਪਰਸੋਨਲ ਐਂਡ ਟਰੇਨਿੰਗ (ਡੀ.ਓ.ਪੀ.ਟੀ.) ਨਾਲ ਵਿਵਾਦਾਂ ਵਿੱਚ ਹਨ। ਸਰਕਾਰ ਨੇ ਉਨ੍ਹਾਂ ਦੀ ਪੈਨਸ਼ਨ ਅਤੇ ਭੱਤੇ ਬੰਦ ਕਰ ਦਿੱਤੇ ਹਨ ਜਿਸ ਲਈ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਸੀ.ਬੀ.ਆਈ. ਦੇ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਸੀ।
ਵਰਮਾ ਨੂੰ ਸੀ. ਬੀ. ਆਈ . ਦੇ ਮੁਖੀ ਵਜੋਂ 2 ਸਾਲ ਦੇ ਕਾਰਜਕਾਲ ਲਈ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਆਪਣੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਨਾਲ ਤਿੱਖੀ ਬਹਿਸ ਹੋਈ ਸੀ। ਇਸ ਤੋਂ ਬਾਅਦ ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਦੀ ਸਿਫ਼ਾਰਸ਼ ਤੋਂ ਬਾਅਦ ਸਰਕਾਰ ਨੇ ਦੋਵਾਂ ਨੂੰ ਸੀ. ਬੀ. ਆਈ. ਤੋਂ ਹਟਾ ਦਿੱਤਾ ਸੀ। ਵਰਮਾ ਨੇ ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਵਜੋਂ ਨਵੀਂ ਨਿਯੁਕਤੀ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਸੀ। ਸਰਕਾਰ ਨੇ ਜਵਾਬੀ ਕਾਰਵਾਈ ਕੀਤੀ ਅਤੇ ਉਨ੍ਹਾਂ ਦੇ ਸੇਵਾ ਲਾਭ ਖੋਹ ਲਏ।
ਵਰਮਾ ਦੀ ਦਲੀਲ ਹੈ ਕਿ ਸੀ. ਬੀ. ਆਈ. ਦੇ ਡਾਇਰੈਕਟਰ ਦੇ ਅਹੁਦੇ ਦੀ ਮਿਆਦ ਦੋ ਸਾਲਾਂ ਲਈ ਨਿਸ਼ਚਿਤ ਕੀਤੀ ਗਈ ਹੈ। ਇੱਕ ਵਾਰ ਹਟਾਏ ਜਾਣ ਤੋਂ ਬਾਅਦ ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ ਕਿ ਉਹ ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਣ ਜਾਂ ਨਹੀਂ ਕਿਉਂਕਿ ਉਹ ਜੁਲਾਈ 2017 ਵਿੱਚ ਸੇਵਾਮੁਕਤ ਹੋਏ ਸਨ।
ਡੀ.ਜੀ. ਫਾਇਰ ਸਰਵਿਸ 2 ਸਾਲ ਲਈ ਨਾਮਜ਼ਦ ਅਹੁਦਾ ਨਹੀਂ ਹੈ ਪਰ ਉਨ੍ਹਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ । ਉਹ 4 ਸਾਲਾਂ ਤੋਂ ਵੱਧ ਸਮੇਂ ਤੋਂ ਆਪਣੀ ਪੈਨਸ਼ਨ ਲਈ ਦਰ-ਦਰ ਭਟਕ ਰਹੇ ਹਨ ਪਰ ਕਿਸਮਤ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ।