ਹਰ ਸਾਲ ਜਣੇਪੇ ਪਿੱਛੋਂ 4 ਕਰੋੜ ਔਰਤਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਕਰਨਾ ਪੈਂਦਾ ਹੈ ਸਾਹਮਣਾ
Saturday, Dec 09, 2023 - 07:09 PM (IST)
ਨਵੀਂ ਦਿੱਲੀ, (ਭਾਸ਼ਾ)- ਹਰ ਸਾਲ ਘੱਟੋ-ਘੱਟ 4 ਕਰੋੜ ਔਰਤਾਂ ਨੂੰ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਲੰਬੇ ਸਮੇਂ ਤੱਕ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਜਾਣਕਾਰੀ ‘ਦਿ ਲੈਂਸੇਟ ਗਲੋਬਲ ਹੈਲਥ’ ਮੈਗਜ਼ੀਨ ’ਚ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ ਤੋਂ ਮਿਲੀ ਹੈ।
ਖੋਜਕਰਤਾਵਾਂ ਨੇ ਨੋਟ ਕੀਤਾ ਕਿ ਡਿਪਰੈਸ਼ਨ ਤੋਂ ਪੀੜਤ ਔਰਤਾਂ ਵਿੱਚੋਂ ਇੱਕ ਤਿਹਾਈ ਭਾਵ ਲਗਭਗ 35 ਫੀਸਦੀ ਨੇ ਸੰਭੋਗ ਦੌਰਾਨ ਦਰਦ ਦੀ ਸ਼ਿਕਾਇਤ ਕੀਤੀ। 32 ਫੀਸਦੀ ਨੇ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਹੋਣ ਬਾਰੇ ਦੱਸਿਆ।
ਖੋਜਕਰਤਾਵਾਂ ਦੀ ਅੰਤਰਰਾਸ਼ਟਰੀ ਟੀਮ ਨੇ ਆਪਣੇ ਅਧਿਐਨ ਵਿੱਚ ਕਿਹਾ ਕਿ ਡਿਲੀਵਰੀ ਤੋਂ ਬਾਅਦ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਲੱਛਣਾਂ ਵਿੱਚ ਪਿਸ਼ਾਬ ਵਿੱਚ ਅਸੰਤੁਲਨ (8-31 ਫੀਸਦੀ), ਚਿੰਤਾ (9-24 ਫੀਸਦੀ) ਅਤੇ ਉਦਾਸੀ (11-17 ਫੀਸਦੀ) ਸ਼ਾਮਲ ਹਨ। ਇਸ ਟੀਮ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਖੋਜਕਰਤਾ ਵੀ ਸ਼ਾਮਲ ਸਨ।
ਅਧਿਐਨ ਦਰਸਾਉਂਦਾ ਹੈ ਕਿ ਜਣੇਪੇ ਪਿੱਛੋਂ ਸਮੱਸਿਆਵਾਂ ਕਈ ਮਹੀਨਿਆਂ ਜਾਂ ਸਾਲਾਂ ਤੱਕ ਜਾਰੀ ਰਹਿੰਦੀਆਂ ਹਨ। ਖੋਜਕਰਤਾਵਾਂ ਨੇ ਸਿਹਤ ਸੰਭਾਲ ਪ੍ਰਣਾਲੀ ਅੰਦਰ ਇਨ੍ਹਾਂ ਆਮ ਸਮੱਸਿਆਵਾਂ ਦੀ ਪਛਾਣ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਗਰਭ ਅਵਸਥਾ ਦੌਰਾਨ ਅਤੇ ਬੱਚੇ ਦੇ ਜਨਮ ਤੋਂ ਬਾਅਦ ਪ੍ਰਭਾਵਸ਼ਾਲੀ ਦੇਖਭਾਲ ਰਿਸਕ ਦੀ ਪਛਾਣ ਕਰਨ ਅਤੇ ਗੁੰਝਲਾਂ ਤੋਂ ਬਚਣ ਲਈ ਚੌਕਸੀ ਉਪਾਅ ਹਨ। ਉਪਾਅ ਨਾ ਕਰਨ ਤੇ ਜਣੇਪੇ ਤੋਂ ਬਾਅਦ ਲੰਬੇ ਸਮੇਂ ਤੱਕ ਲਈ ਸਿਹਤ ਸਮੱਸਿਆਵਾਂ ਦਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।