ਦੀਵਾਲੀ ਦੇ ਤਿੰਨ ਦਿਨ ਬਾਅਦ ਵੀ ਦਿੱਲੀ ਦੀ ਹਵਾ ਜ਼ਹਿਰੀਲੀ, ਰਾਜਧਾਨੀ ’ਚ ਛਾਈ ਰਹੀ ਸੰਘਣੀ ਧੁੰਦ
Sunday, Nov 07, 2021 - 02:05 PM (IST)
ਨਵੀਂ ਦਿੱਲੀ- ਦਿੱਲੀ ’ਚ ਐਤਵਾਰ ਸਵੇਰੇ ਠੰਡ ਰਹੀ ਅਤੇ ਘੱਟੋ-ਘੱਟ ਤਾਪਮਾਨ 14.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਹਿਸਾਬ ਨਾਲ ਆਮ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਦੱਸਿਆ ਕਿ ਸਵੇਰੇ 8.30 ਵਜੇ ਦ੍ਰਿਸ਼ਤਾ 70 ਫੀਸਦੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਸਵੇਰ ਦੇ ਸਮੇਂ ਹਲਕੀ ਧੁੰਦ ਅਤੇ ਦਿਨ ’ਚ ਤੇਜ਼ ਹਵਾਵਾਂ ਚੱਲਣ ਦੇ ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਜਤਾਈ ਹੈ।
ਇਹ ਵੀ ਪੜ੍ਹੋ : ਅਹਿਮਦਾਬਾਦ : ਗੁਰਦੁਆਰਾ ਸਾਹਿਬ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ’ਚ ਜ਼ਿਆਦਾਤਰ ਤਾਪਮਾਨ 28 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਸਮੀਰ ਐਪ ਅਨੁਸਾਰ ਐਤਵਾਰ ਸਵੇਰੇ 8 ਵਜੇ ਸ਼ਹਿਰ ਦਾ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 437 ਦਰਜ ਕੀਤਾ ਗਿਆ, ਜੋ ਗੰਭੀਰ ਸ਼੍ਰੇਣੀ ’ਚ ਆਉਂਦਾ ਹੈ। ਉੱਥੇ ਹੀ ਸ਼ਨੀਵਾਰ ਨੂੰ ਇਹ 449 ਸੀ। ਪਾਬੰਦੀ ਦੇ ਬਾਵਜੂਦ ਦੀਵਾਲੀ ’ਤੇ ਵੱਡੇ ਪੈਮਾਨੇ ’ਤੇ ਪਟਾਕੇ ਚਲਾਏ ਜਾਣ, ਗੁਆਂਢੀ ਸੂਬਿਆਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਵਾਧੇ ਕਾਰਨ ਦਿੱਲੀ ’ਚ ਹਵਾ ਦੀ ਗੁਣਵੱਤਾ ਸਾਲ ’ਚ ਸਭ ਤੋਂ ਖ਼ਰਾਬ ਹੋ ਗਈ ਸੀ।
ਇਹ ਵੀ ਪੜ੍ਹੋ : ਸਿੱਖ ਫਾਰ ਜਸਟਿਸ ’ਤੇ ਸ਼ਿਕੰਜਾ ਕੱਸਣ ਲਈ ਕੈਨੇਡਾ ਪੁੱਜੀ NIA ਟੀਮ, ਵਿਦੇਸ਼ੀ ਫੰਡਿੰਗ ਦੀ ਹੋਵੇਗੀ ਜਾਂਚ
ਵੀਰਵਾਰ (4 ਨਵੰਬਰ) ਦੀ ਰਾਤ ਸ਼ਹਿਰ ਦਾ ਏ.ਕਿਊ.ਆਈ. ਗੰਭੀਰ ਸ਼੍ਰੇਣੀ ’ਚ ਪਹੁੰਚ ਗਿਆ ਸੀ। ਉੱਥੇ ਹੀ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ’ਚ ਵੀ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਕਾਫ਼ੀ ਵਧ ਗਿਆ। ਐੱਨ.ਸੀ.ਆਰ. ਦਾ ਗਾਜ਼ੀਆਬਾਦ ਐਤਵਾਰ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ। ਸਮੀਰ ਐਪ ਅਨੁਸਾਰ ਐਤਵਾਰ ਨੂੰ ਗਾਜ਼ੀਆਬਾਦ ’ਚ ਏ.ਕਿਊ.ਆਈ. 456 ਦਰਜ ਕੀਤਾ ਗਿਆ, ਜਦੋਂ ਕਿ ਨੋਇਡਾ ’ਚ 454 ਅਤੇ ਗ੍ਰੇਟਰ ਨੋਇਡਾ ’ਚ ਇਹ 381 ਦਰਜ ਕੀਤਾ ਗਿਆ। ਉੱਥੇ ਹੀ ਫਰੀਦਾਬਾਦ ’ਚ ਏ.ਕਿਊ.ਆਈ. 372, ਗੁਰੂਗ੍ਰਾਮ ’ਚ 439, ਬਾਗਪਤ ’ਚ 445 ਦਰਜ ਕੀਤਾ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ