ਯੂਰਪੀ ਸੰਘ ਨੇ ਕੇਰਲ ਨੂੰ 190,000 ਯੂਰੋ ਦੀ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਐਲਾਨ
Saturday, Aug 25, 2018 - 03:05 PM (IST)

ਕੇਰਲ— ਯੂਰਪੀ ਸੰਘ ਵਲੋਂ ਕੇਰਲ ਦੇ ਹੜ੍ਹ ਪੀੜਤਾਂ ਲਈ ਭਾਰਤੀ ਰੈੱਡ ਕਰਾਸ ਸੰਸਥਾ ਨੂੰ 190,000 ਯੂਰੋ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਕੇਰਲ 'ਚ 1924 ਤੋਂ ਬਾਅਦ ਆਏੇ ਸਭ ਤੋਂ ਭਿਆਨਕ ਹੜ੍ਹ ਨੇ 370 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਜ਼ਿੰਦਗੀ ਨੂੰ ਲੀਹ 'ਤੇ ਆਉਣ 'ਚ ਅਜੇ ਕਾਫੀ ਸਮਾਂ ਲੱਗੇਗਾ ਅਤੇ ਬਰਬਾਦ ਹੋ ਚੁੱਕੇ ਕੇਰਲ ਨੂੰ ਇਸ ਸਮੇਂ ਪੈਸੇ ਦੀ ਸਖਤ ਜ਼ਰੂਰਤ ਹੈ। ਇਸੇ ਲਈ ਕੇਰਲ ਸਰਕਾਰ ਨੇ ਕੇਂਦਰ ਕੋਲੋਂ ਵਿੱਤੀ ਮਦਦ ਮੰਗੀ ਹੈ।
ਰੈੱਡ ਕਰਾਸ ਸੋਸਾਇਟੀ ਵਲੋਂ ਹੜ੍ਹ ਪੀੜਤਾਂ ਲਈ ਵੱਡੇ ਪੱਧਰ 'ਤੇ ਮਦਦ ਕੀਤੀ ਜਾ ਰਹੀ ਹੈ। ਇਹ ਰਾਸ਼ੀ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਭੇਜੀ ਜਾਵੇਗੀ। ਯੂਰਪੀ ਸੰਘ (ਈ. ਯੂ.) ਵਲੋਂ ਕਿਹਾ ਗਿਆ ਹੈ ਕਿ ਉਹ ਇਸ ਫੰਡਿੰਗ ਨਾਲ ਬੇਘਰ ਹੋਏ ਲੋਕਾਂ ਨੂੰ ਜ਼ਰੂਰਤ ਦੀਆਂ ਵਸਤਾਂ ਦੇਣ ਦੀਆਂ ਕੋਸ਼ਿਸ਼ਾਂ ਕਰਨਗੇ। ਉਨ੍ਹਾਂ ਕਿਹਾ ਕਿ ਇੱਥੇ ਡੇਂਗੂ, ਮਲੇਰੀਆ ਆਦਿ ਬੀਮਾਰੀਆਂ ਦੇ ਫੈਲਣ ਦਾ ਖਦਸ਼ਾ ਹੈ, ਇਸ ਲਈ ਲੋਕਾਂ ਨੂੰ ਮੱਛਰਦਾਨੀਆਂ ਵੰਡੀਆਂ ਜਾ ਰਹੀਆਂ ਹਨ। ਡਿਜ਼ਾਸਟਰ ਰਿਲੀਫ ਐਮਰਜੈਂਸੀ ਫੰਡ , ਕੌਮਾਂਤਰੀ ਫੈਡਰੇਸ਼ਨ ਆਫ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਸੋਸਾਇਟੀਜ਼ ਵਲੋਂ ਸਾਂਝੇ ਤੌਰ 'ਤੇ ਮਦਦ ਕੀਤੀ ਜਾ ਰਹੀ ਹੈ।