''ਇੰਝ ਲੱਗਾ ਕਈ ਬੰਬ ਫਟ ਗਏ ਹੋਣ ਤੇ...'', ਇਥੋਪੀਆ 'ਚ ਫਟੇ ਜਵਾਲਾਮੁਖੀ ਨੇ ਚਿੰਤਾ 'ਚ ਪਾਏ ਵਿਗਿਆਨੀ
Tuesday, Nov 25, 2025 - 02:46 PM (IST)
ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਇਥੋਪੀਆ ਵਿੱਚ ਲਗਭਗ 12 ਹਜ਼ਾਰ ਸਾਲਾਂ ਬਾਅਦ ਹੇਲੀ ਗੁਬੀ ਜਵਾਲਾਮੁਖੀ ਦੇ ਵਿਸਫੋਟ ਕਾਰਨ ਪੈਦਾ ਹੋਈ ਰਾਖ ਅਤੇ ਜ਼ਹਿਰੀਲੀਆਂ ਗੈਸਾਂ ਦਾ ਗੁਬਾਰ ਹਜ਼ਾਰਾਂ ਕਿਲੋਮੀਟਰ ਦੂਰ ਭਾਰਤ ਤੱਕ ਪਹੁੰਚ ਗਿਆ ਹੈ, ਜਿਸ ਨਾਲ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। 25 ਨਵੰਬਰ 2025 ਨੂੰ ਜਾਰੀ ਰਿਪੋਰਟਾਂ ਅਨੁਸਾਰ, ਰਾਖ ਦੇ ਇਹ ਬੱਦਲ 24 ਨਵੰਬਰ ਦੀ ਰਾਤ ਨੂੰ ਪੱਛਮੀ ਭਾਰਤ ਦੇ ਹਵਾਈ ਖੇਤਰ ਵਿੱਚ ਦਾਖਲ ਹੋਏ ਸਨ, ਜੋ ਕਿ ਹੁਣ ਦਿੱਲੀ-ਹਰਿਆਣਾ ਤੱਕ ਪਹੁੰਚ ਗਏ ਹਨ।
ਜਦੋਂ ਇਥੋਪੀਆ ਵਿੱਚ ਜਵਾਲਾਮੁਖੀ ਫਟਿਆ ਤਾਂ ਸਥਾਨਕ ਨਿਵਾਸੀਆਂ ਨੇ ਇਸ ਦ੍ਰਿਸ਼ ਨੂੰ ਭਿਆਨਕ ਦੱਸਿਆ। ਉਨ੍ਹਾਂ ਦੱਸਿਆ ਕਿ ਵਿਸਫੋਟ ਸਮੇਂ ਇੱਕ ਜ਼ਬਰਦਸਤ ਧਮਾਕਾ ਹੋਇਆ, ਜਿਸ ਦੀ ਆਵਾਜ਼ ਇਕ ਸ਼ੌਕ ਵੇਵ ਵਰਗੀ ਸੀ। ਅਜਿਹਾ ਲੱਗਾ ਜਿਵੇਂ ਅਚਾਨਕ ਕਈ ਬੰਬ ਫਟ ਗਏ ਹੋਣ ਤੇ ਇਸ ਤੋਂ ਬਾਅਦ ਹਰ ਪਾਸੇ ਧੂੰਆਂ ਤੇ ਰਾਖ ਦਾ ਗੁਬਾਰ ਫੈਲ ਗਿਆ।
ਰਿਪੋਰਟਾਂ ਅਨੁਸਾਰ, ਇਹ ਵਿਸਫੋਟ ਹਜ਼ਾਰਾਂ ਸਾਲਾਂ ਤੋਂ ਸ਼ਾਂਤ ਪਏ ਜਵਾਲਾਮੁਖੀ 'ਚ ਹੋਇਆ ਹੈ। ਜਵਾਲਾਮੁਖੀ ਦੇ ਫਟਣ ਤੋਂ ਬਾਅਦ, ਰਾਖ ਦਾ ਗੁਬਾਰ 10 ਤੋਂ 15 ਕਿਲੋਮੀਟਰ ਦੀ ਉਚਾਈ ਤੱਕ ਉੱਠਿਆ, ਜਿਸ ਕਾਰਨ ਡਾਨਾਕਿਲ ਰੇਗਿਸਤਾਨ ਨੇੜੇ ਦਾ ਇਲਾਕਾ ਸੋਮਵਾਰ ਨੂੰ ਰਾਖ ਨਾਲ ਢੱਕਿਆ ਗਿਆ ਸੀ ਤੇ ਕਈ ਸੈਲਾਨੀ ਤੇ ਗਾਈਡ ਉੱਥੇ ਫਸ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਨਾਲ ਸਥਾਨਕ ਪਸ਼ੂਪਾਲਕਾਂ 'ਤੇ ਅਸਰ ਪੈ ਸਕਦਾ ਹੈ।
❗️🌋🇪🇹 - Ethiopia's Hayli Gubbi Volcano Awakens After 10,000 Years
In a stunning geological event, Ethiopia's Hayli Gubbi volcano—long dormant in the remote Danakil Depression of the Afar Rift—erupted explosively for the first time in recorded history on November 23, 2025.
The… pic.twitter.com/bZby4sAuOC
— 🔥🗞The Informant (@theinformant_x) November 24, 2025
ਇਸ ਘਟਨਾ ਨੇ ਵਿਗਿਆਨਕ ਭਾਈਚਾਰੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ ਕਿ ਜਵਾਲਾਮੁਖੀ ਦੇ ਲਗਾਤਾਰ ਵਿਸਫੋਟ ਨਾਲ ਧਰਤੀ ਦਾ ਤਾਪਮਾਨ ਘਟ ਸਕਦਾ ਹੈ। ਵਿਗਿਆਨੀਆਂ ਨੇ ਦੱਸਿਆ ਕਿ ਵਿਸਫੋਟ ਦੌਰਾਨ ਰਾਖ ਅਤੇ ਗੈਸਾਂ ਉੱਪਰੀ ਵਾਯੂਮੰਡਲ (ਸਟ੍ਰੈਟੋਸਫੀਅਰ) ਵਿੱਚ ਇੱਕ ਪਰਤ ਬਣਾਉਂਦੀਆਂ ਹਨ ਜੋ ਇੱਕ ਛੱਤਰੀ ਵਾਂਗ ਸੂਰਜ ਦੀ ਰੌਸ਼ਨੀ ਨੂੰ ਵਾਪਸ ਮੋੜ ਦਿੰਦੀਆਂ ਹਨ। ਜਵਾਲਾਮੁਖੀ ਤੋਂ ਨਿਕਲਣ ਵਾਲੀ ਸਲਫਰ ਡਾਈਆਕਸਾਈਡ ਗੈਸ ਵੀ ਸੂਰਜ ਦੀਆਂ ਕਿਰਨਾਂ ਨੂੰ ਰੋਕਦੀ ਹੈ, ਜਿਸ ਕਾਰਨ ਠੰਢਕ ਦੋ ਜਾਂ ਤਿੰਨ ਸਾਲਾਂ ਤੱਕ ਬਣੀ ਰਹਿ ਸਕਦੀ ਹੈ।
ਜ਼ਿਕਰਯੋਗ ਹੈ ਕਿ ਲਗਭਗ ਦੋ ਸਦੀਆਂ ਪਹਿਲਾਂ ਇੰਡੋਨੇਸ਼ੀਆ ਦੇ ਮਾਊਂਟ ਤੰਬੋਰਾ ਵਿੱਚ ਹੋਏ ਵਿਸਫੋਟਾਂ ਕਾਰਨ ਤਾਪਮਾਨ ਵਿੱਚ 1.7 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਸੀ, ਜਿਸ ਨਾਲ ਗਲੋਬਲ ਪੱਧਰ 'ਤੇ ਅਸਰ ਦਿਖਿਆ ਸੀ ਤੇ ਫਸਲਾਂ ਤਬਾਹ ਹੋ ਗਈਆਂ ਸਨ। ਹਾਲਾਂਕਿ ਵਿਗਿਆਨੀ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਜਵਾਲਾਮੁਖੀ ਦਾ ਅਸਰ ਸਿਰਫ ਅਸਥਾਈ ਹੁੰਦਾ ਹੈ ਅਤੇ ਇਹ ਆਈਸ-ਏਜ (Ice Age) ਦੀ ਸ਼ੁਰੂਆਤ ਨਹੀਂ ਕਰ ਸਕਦਾ।
