ਮਣੀਪੁਰ ''ਚ ਫਿਰ ਹਿੰਸਾ, ਅੱਤਵਾਦੀਆਂ ਨਾਲ ਮੁਕਾਬਲੇ ''ਚ BSF ਜਵਾਨ ਸ਼ਹੀਦ
Tuesday, Jun 06, 2023 - 02:32 PM (IST)
ਇੰਫਾਲ- ਮਣੀਪੁਰ 'ਚ ਕਾਕਚਿੰਗ ਜ਼ਿਲ੍ਹੇ ਦੇ ਸੇਰੌ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ BSF ਦਾ ਇਕ ਜਵਾਨ ਸ਼ਹੀਦ ਹੋ ਗਿਆ। ਜਦਕਿ ਆਸਾਮ ਰਾਈਫਲਜ਼ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਇੰਫ਼ਾਲ 'ਚ ਆਸਾਮ ਰਾਈਫਲਜ਼ ਦੇ ਹੈੱਡਕੁਆਰਟਰ ਤੋਂ ਇਕ ਫ਼ੌਜੀ ਹੈਲੀਕਾਪਟਰ ਰਾਹੀਂ ਕੱਢਿਆ ਗਿਆ। ਆਸਾਮ ਰਾਈਫਲਜ਼, BSF ਮਣੀਪੁਰ ਅਤੇ ਪੁਲਸ ਵਲੋਂ ਸੁਗਨੂ ਅਤੇ ਸੇਰੌ ਵਿਚ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਗਈ।
ਅਧਿਕਾਰੀਆਂ ਨੇ ਕਿਹਾ ਕਿ 5 ਅਤੇ 6 ਜੂਨ ਦੀ ਰਾਤ ਦੌਰਾਨ ਸੁਰੱਖਿਆ ਬਲਾਂ ਅਤੇ ਬਾਗੀਆਂ ਦੇ ਸਮੂਹਾਂ ਵਿਚਕਾਰ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਗੋਲੀਬਾਰੀ ਦਾ ਜਵਾਬ ਦਿੱਤਾ। ਜਵਾਬੀ ਕਾਰਵਾਈ ਵਿਚ BSF ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਆਸਾਮ ਰਾਈਫਲਜ਼ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਉਸ ਨੂੰ ਜਹਾਜ਼ ਰਾਹੀਂ ਮੰਤਰਪੁਖਰੀ ਲਿਜਾਇਆ ਗਿਆ। ਸਰਚ ਆਪਰੇਸ਼ਨ ਜਾਰੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਮਣੀਪੁਰ ਵਿਚ ਦੋ ਭਾਈਚਾਰਿਆਂ ਦਰਮਿਆਨ ਝੜਪਾਂ ਤੋਂ ਬਾਅਦ ਭਾਵੇਂ ਸੁਗਨੂ ਖੇਤਰ ਵਿਚ ਫਿਲਹਾਲ ਸ਼ਾਂਤੀ ਹੈ ਪਰ 28 ਮਈ ਤੋਂ ਭਾਰੀ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਵਿਧਾਇਕ ਕੇ. ਰਣਜੀਤ ਦੇ ਘਰ ਅਤੇ ਹੋਰ ਭਾਈਚਾਰੇ ਦੇ ਹੋਰ ਘਰਾਂ ਨੂੰ ਅੱਗ ਲਗਾ ਦਿੱਤੀ ਸੀ। ਘਰਾਂ ਨੂੰ ਅੱਗ ਲਾਉਣ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਸਸਪੈਂਸ਼ਨ ਆਫ ਆਪ੍ਰੇਸ਼ਨ (ਐਸ.ਓ.ਓ.) ਦੇ ਤਹਿਤ ਕੁਕੀ ਅੱਤਵਾਦੀ ਸਮੂਹ ਦੇ ਕੈਂਪ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।