ਗੜ੍ਹਚਿਰੌਲੀ ''ਚ ਪੁਲਸ ਨੇ ਢੇਰ ਕੀਤੇ 2 ਨਕਸਲੀ, ਸਰਚ ਮੁਹਿੰਮ ਜਾਰੀ
Sunday, Sep 15, 2019 - 10:59 AM (IST)

ਗੜ੍ਹਚਿਰੌਲੀ—ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਇਲਾਕੇ ਗੜ੍ਹਚਿਰੌਲੀ 'ਚ ਅੱਜ ਭਾਵ ਐਤਵਾਰ ਨੂੰ ਪੁਲਸ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਈ। ਇਸ ਦੌਰਾਨ 2 ਨਕਸਲੀ ਮਾਰੇ ਗਏ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਹੈ ਕਿ ਜ਼ਿਲੇ ਦੇ ਕੋਰਚੀ ਤਹਿਸੀਲ 'ਚ ਨਾਰੇਕਸਾ ਜੰਗਲ 'ਚ ਮੁੱਠਭੇੜ ਚੱਲ ਰਹੀ ਹੈ। ਹੁਣ ਪੁਲਸ ਸਰਚ ਮੁਹਿੰਮ ਚਲਾ ਰਹੀ ਹੈ। ਖੁਫੀਆ ਮਾਹਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ, ਜਿਸ 'ਚ 2 ਨਕਸਲੀ ਮਾਰੇ ਗਏ ਹਨ। ਪੁਲਸ ਨੂੰ ਬੀਤੀ 1 ਮਈ ਨੂੰ ਜਵਾਨਾਂ 'ਤੇ ਹਮਲਾ ਕਰਨ ਵਾਲੇ ਮਾਸਟਰਮਾਈਂਡ ਭਾਸਕਰ ਦੰਡਕਾਰਣਯ ਦੇ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਇਲਾਕੇ 'ਚ ਸਰਚ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਇਸ ਦੌਰਾਨ ਨਕਸਲੀਆਂ ਨਾਲ ਮੁੱਠਭੇੜ ਹੋ ਗਈ, ਜਿਸ 'ਚ 2 ਨਕਸਲੀ ਮਾਰੇ ਗਏ।
ਪੁਲਸ ਨੇ ਇਹ ਵੀ ਦੱਸਿਆ ਹੈ ਕਿ ਗੜ੍ਹਚਿਰੌਲੀ ਦੇ ਜੰਗਲਾਂ 'ਚ ਸਰਚ ਆਪਰੇਸ਼ਨ ਜਾਰੀ ਹੈ। ਸੁਰੱਖਿਆ ਬਲਾਂ ਦੀ ਇਸ ਕਾਰਵਾਈ 'ਚ ਭਾਸਕਰ ਦੰਡਕਾਰਣਯ ਜ਼ਖਮੀ ਹੋ ਗਿਆ ਹੈ। ਦੱਸਣਯੋਗ ਹੈ ਕਿ ਭਾਸਕਰ ਦੰਡਕਾਰਣਯ ਸਪੈਸ਼ਲ ਜੋਨਲ ਕਮੇਟੀ ਦਾ ਮੈਂਬਰ ਹੈ ਅਤੇ ਅਪ੍ਰੈਲ 'ਚ ਸੁਰੱਖਿਆ ਬਲਾਂ ਨੇ ਉਸ ਦੀ ਪਤਨੀ ਨੂੰ ਮਾਰ ਦਿੱਤਾ ਸੀ।