ਹਾਥੀਆਂ ਨੂੰ ਦੂਰ ਭਜਾਉਣਗੇ ਤਿੱਖੀ ਲਾਲ ਮਿਰਚ ਦੇ ਲੱਡੂ

Friday, Jul 05, 2019 - 06:00 PM (IST)

ਹਾਥੀਆਂ ਨੂੰ ਦੂਰ ਭਜਾਉਣਗੇ ਤਿੱਖੀ ਲਾਲ ਮਿਰਚ ਦੇ ਲੱਡੂ

ਨੈਨੀਤਾਲ— ਇਨਸਾਨਾਂ ਦੇ ਸਵਾਦ ਨੂੰ ਬੇਸਵਾਦ ਕਰਨ ਵਾਲੀ ਤਿੱਖੀ ਲਾਲ ਮਿਰਚ ਹਮਲਾਵਰ ਹਾਥੀਆਂ 'ਤੇ ਕੰਟਰੋਲ ਕਰੇਗੀ। ਉਤਰਾਖੰਡ ਦਾ ਜੰਗਲਾਤ ਵਿਭਾਗ ਹਮਲਾਵਰ ਹਾਥੀਆਂ ਨੂੰ ਕੰਟਰੋਲ ਕਰਨ ਲਈ ਇਕ ਯੋਜਨਾ ਤਿਆਰ ਕਰ ਰਿਹਾ ਹੈ। ਜਿਸ 'ਚ ਹਮਲਾਵਰ ਹਾਥੀਆਂ ਨੂੰ ਕੰਟੋਰਲ ਕਰਨ ਲਈ ਤਿੱਖੀ ਲਾਲ ਮਿਰਚ ਦੇ ਲੱਡੂ ਬਣਾ ਕੇ ਉਨ੍ਹਾਂ ਨੂੰ ਖੁਆਏ ਜਾਣਗੇ। ਵਿਭਾਗ ਇਹ ਨੁਸਖਾ ਕਾਰਬੇਟ ਟਾਈਗਰ ਰਿਜ਼ਰਵ (ਸੀ. ਟੀ. ਆਰ.) ਦੇ ਆਲੇ-ਦੁਆਲੇ ਦੇ ਹਾਥੀ ਪ੍ਰਭਾਵਿਤ ਖੇਤਰ 'ਚ ਅਪਣਾਏਗਾ। ਕਾਰਬੇਟ ਪਾਰਕ ਦੇ ਨਾਲ ਲੱਗਦੇ ਰਾਮਨਗਰ ਅਤੇ ਮੋਹਾਨ ਕੌਮੀ ਰਾਜਮਾਰਗ 'ਤੇ ਹਾਥੀਆਂ ਨੇ ਕਹਿਰ ਮਚਾਇਆ ਹੋਇਆ ਹੈ। ਹਾਥੀ ਰਾਜਮਾਰਗ 'ਤੇ ਚੱਲਣ ਵਾਲੇ ਵਾਹਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਹਾਥੀਆਂ ਨੇ ਹੁਣ ਤੱਕ 12 ਤੋਂ ਵੱਧ ਘਟਨਾਵਾਂ ਨੂੰ ਅੰਜਾਮ ਦੇ ਕੇ ਕਈ ਵਾਹਨਾਂ ਦੀ ਭੰਨ-ਤੋੜ ਕਰ ਦਿੱਤੀ ਹੈ ਅਤੇ ਖੁਰਾਕ ਸਮੱਗਰੀ ਨਾਲ ਲੱਦੇ ਕਈ ਵਾਹਨਾਂ ਨੂੰ ਪਲਟ ਦਿੱਤਾ

ਆਟੇ 'ਚ ਲਾਲ ਮਿਰਚ ਮਿਲਾ ਕੇ ਲੱਡੂ ਬਣਾਉਣ ਦੀ ਯੋਜਨਾ
ਮਾਹਰਾਂ ਦਾ ਮੰਨਣਾ ਹੈ ਕਿ ਹਾਥੀਆਂ ਨੂੰ ਖੁਰਾਕ ਸਮੱਗਰੀ ਖਾਸ ਕਰ ਕੇ ਆਟਾ, ਗੁੜ ਅਤੇ ਹੋਰ ਸਮੱਗਰੀ ਦਾ ਸਵਾਦ ਚੜ੍ਹ ਗਿਆ ਹੈ। ਉਹ ਭੋਜਨ ਲਈ ਰਾਮਨਗਰ-ਮੋਹਾਨ ਰਾਜਮਾਰਗ ਦਰਮਿਆਨ ਚੱਲਣ ਵਾਲੇ ਵਾਹਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਨ੍ਹਾਂ ਘਟਨਾਵਾਂ ਨੇ ਜੰਗਲਾਤ ਵਿਭਾਗ ਦੇ ਨਾਲ-ਨਾਲ ਰਾਮਨਗਰ ਦੇ ਵਪਾਰੀਆਂ ਨੂੰ ਪਰੇਸ਼ਾਨੀ 'ਚ ਪਾ ਦਿੱਤਾ ਹੈ। ਜੰਗਲਾਤ ਵਿਭਾਗ ਦੇ ਕੋਸੀ ਰੇਂਜ ਦੇ ਅਧਿਕਾਰੀ ਬੀ. ਪੀ. ਪੰਤ ਨੇ ਦੱਸਿਆ ਕਿ ਜੰਗਲਾਤ ਵਿਭਾਗ ਹੁਣ ਹਾਥੀਆਂ 'ਤੇ ਕੰਟਰੋਲ ਕਰਨ ਲਈ ਆਟੇ 'ਚ ਭਰਪੂਰ ਲਾਲ ਮਿਰਚ ਮਿਲਾ ਕੇ ਉਸ ਦੇ ਲੱਡੂ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।

ਮਿਰਚ ਕਾਰਨ ਖੁਰਾਕ ਸਮੱਗਰੀ ਨਾਲ ਭਰੇ ਟਰੱਕਾਂ ਤੋਂ ਦੂਰ ਰਹਿਣਗੇ
ਜੰਗਲਾਤ ਵਿਭਾਗ ਨੇ ਕਿਹਾ ਕਿ ਸੁਰੱਖਿਆ ਮੁਲਾਜ਼ਮ ਇਹ ਲੱਡੂ ਹਾਥੀਆਂ ਦੇ ਚੱਲਣ ਵਾਲੇ ਰਸਤਿਆਂ ਖਾਸ ਕਰ ਕੇ ਰਾਜ ਮਾਰਗ ਖੇਤਰ 'ਚ ਰੱਖ ਦੇਣਗੇ। ਇਨ੍ਹਾਂ ਰਸਤਿਆਂ ਤੋਂ ਲੰਘਣ ਵਾਲੇ ਹਾਥੀ ਜਦੋਂ ਇਨ੍ਹਾਂ ਨੂੰ ਖਾਣਗੇ ਤਾਂ ਉਨ੍ਹਾਂ ਨੂੰ ਮਿਰਚ ਦਾ ਤਿੱਖਾ ਸਵਾਦ ਲੱਗੇਗਾ ਅਤੇ ਉਹ ਖੁਰਾਕ ਸਮੱਗਰੀ ਨਾਲ ਭਰੇ ਟਰੱਕਾਂ ਤੋਂ ਦੂਰ ਰਹਿਣਗੇ।ਉਨ੍ਹਾਂ ਨੇ ਕਿਹਾ ਕਿ ਹਾਥੀਆਂ ਨੂੰ ਰਾਜਮਾਰਗ ਤੋਂ ਦੂਰ ਰੱਖਣ ਲਈ ਉਹ ਰਵਾਇਤੀ ਤਰੀਕਿਆਂ ਨੂੰ ਵੀ ਇਸਤੇਮਾਲ ਕਰ ਰਹੇ ਹਨ। ਇਨ੍ਹਾਂ 'ਚ ਪਟਾਕੇ ਚਲਾਉਣਾ ਅਤੇ ਡਰੱਮ ਵਜਾਉਣ ਵਰਗੇ ਉਪਾਅ ਸ਼ਾਮਲ ਹਨ।


author

DIsha

Content Editor

Related News